Wednesday, February 11, 2015

ਸਵੇਰੇ ਨੌਰਥ ਰੇਜਾਈਨਾ ਵਿਖੇ ਗੱਡੀਆਂ ਦੀ ਭਿਆਨਕ ਟੱਕਰ

ਸਸਕੈਚਵਨ, 10 ਫ਼ਰਵਰੀ : ਆਰ.ਸੀ.ਐਮ.ਪੀ. ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਨੌਰਥ ਰੇਜਾਈਨਾ ਵਿਖੇ ਗੱਡੀਆਂ ਦੀ ਇਕ ਭਿਆਨਕ ਟੱਕਰ ਵਿਚ ਪੰਜ ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਰੇਜਾਈਨਾ ਤੋਂ 15 ਕਿਲੋਮੀਟਰ ਨੌਰਥ ਵਿਚ ਹਾਈਵੇਅ 6 ‘ਤੇ ਵਾਪਰਿਆ। ਹਾਦਸੇ ਤੋਂ ਤੁਰੰਤ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਵਾਈਟ ਬੁੱਟ ਅਤੇ ਸੌਦੀ ਡਿਵੀਜ਼ਨ ਤੋਂ ਮਾਉਂਟੀਜ਼ ਨੂੰ ਸੱਦਿਆ ਗਿਆ।
ਇਸ ਹਾਦਸੇ ਵਿਚ ਇਕ ਆਦਮੀ, ਇਕ ਔਰਤ ਨੂੰ ਹਸਪਤਾਲ ਲਿਜਾਈਆ ਗਿਆ ਹੈ, ਇਹ 2014 ਗ੍ਰੇ ਰੰਗ ਦੀ ਫ਼ੋਰਡ ਫ਼ੋਕਸ ਵਿਚ ਸਵਾਰ ਸਨ। ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹਨਾਂ ਨੂੰ ਕਿੰਨੀਆਂ ਸੱਟਾਂ ਲੱਗੀਆਂ ਹਨ। ਤਿੰਨ ਆਦਮੀਆਂ ਅਤੇ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹਨਾਂ ਵੱਲੋਂ ਇਕ ਵਿਅਕਤੀ ਇਕੱਲਾ 2005 ਨੀਲੇ ਰੰਗ ਦੀ ਸ਼ੈਵੋਲੈਟ ਐਵੇਲਾਂਸ਼ ਵਿਚ ਸਵਾਰ ਸੀ। ਜਦੋਂ ਕਿ ਬਾਕੀ ਚਾਰ 2003 ਨੀਲੇ ਰੰਗ ਦੀ ਸੁਬਾਰੂ ਆਊਟਬੈਕ ਵਿਚ ਸਵਾਰ ਸਨ।
ਹਾਦਸੇ ਤੋਂ ਬਾਅਦ ਹਾਈਵੇਅ 6 ਨੂੰ ਦੋਨੋ ਤਰਫ਼ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਜਾਂਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਚ ਆਰੰਭ ਦਿੱਤੀ ਗਈ ਹੈ। ਪੁਲੀਸ ਵੱਲੋਂ ਇਹ ਸੰਭਾਵਨਾ ਜਤਾਈ ਜਾਰ ਹੀ ਹੈ ਕਿ ਪਿਘਲ ਰਹੀ ਬਰਫ਼ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਪੁਲੀਸ ਵੱਲੋਂ ਇਹਨਾ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਪਹਿਚਾਣ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।