.

Tuesday, March 31, 2015

ਜੰਗਮ ਨਾਂ ਦਾ ਇੱਕ ਵਿਲੱਖਣ ਸੰਪਰਦਾਇ


ਇੱਥੇ ਜੰਗਮ ਨਾਂ ਦਾ ਇੱਕ ਵਿਲੱਖਣ ਸੰਪਰਦਾਇ ਹੈ ਜਿਸ ਦੀ ਉਤਪਤੀ ਸ਼ਿਵਲਿੰਗ ਤੋਂ ਮੰਨੀ ਜਾਂਦੀ ਹੈ। ਉੱਤਰ ਭਾਰਤ ਵਿੱਚ ਜੰਗਮ ਦਾ ਪ੍ਰਮੁੱਖ ਸਥਾਨ ਸਿਰਫ਼ ਪੁਰਾਤਨ ਪੰਜਾਬ ਹੀ ਹੈ। ਇੱਥੇ ਜੰਗਮ ਕਲਾ ਬਹੁਤ ਪ੍ਰਾਚੀਨ ਹੈ। ਇਹ ਸ਼ਿਵ-ਪਾਰਵਤੀ ਦਾ ਵਿਆਹ ਅਤੇ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਤਕ ਦੀ ਭਵਿੱਖਬਾਣੀ ਨੂੰ ਕਾਵਿ-ਰੂਪ ਵਿੱਚ ਗਾਉਂਦੇ ਹਨ। ਸ਼ਿਵਰਾਤਰੀ ਮੌਕੇ ਇਹ ਸ਼ਿਵ ਪੁਰੋਹਿਤ ਜੰਗਮ ਸਾਰੀ ਰਾਤ ਸ਼ਿਵ ਵਿਆਹ ਤੇ ਸ਼ਿਵ ਭਗਤੀ ਦਾ ਗਾਇਨ ਕਰਦੇ ਹਨ। ਇਹ ਸੰਪਰਦਾਇ ਪ੍ਰਾਚੀਨ ਕਾਲ ਤੋਂ ਹੀ ਭਾਰਤ ਵਿੱਚ ਸ਼ਿਵ ਭਗਤੀ ਦਾ ਉਪਦੇਸ਼ ਦਿੰਦਾ ਆਇਆ ਹੈ। ਇਸ ਸੰਪਰਦਾਇ ਦੇ ਜੰਗਮ ਸੁਆਮੀਆਂ ਨੇ ਭਾਰਤ ਦੇ ਰਾਜ ਤੰਤਰੀ ਪ੍ਰਬੰਧ ਵਿੱਚ ਰਾਜਿਆਂ ਨੂੰ ਪ੍ਰਜਾ ਹਿੱਤ ਲਈ ਨਿਰਦੇਸ਼ ਅਤੇ ਗਿਆਨ ਦਾ ਉਪਦੇਸ਼ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਜੰਗਮ ਸੰਪਰਦਾਇ ਨੇ ਰਾਜਸਥਾਨ ਦੇ ਅਨੇਕਾਂ ਰਾਜਿਆਂ ਤੇ ਉਨ੍ਹਾਂ ਦੀ ਪਰਜਾ ਨੂੰ ਸ਼ਿਵ ਸਿਧਾਂਤ ਦੀ ਸਿੱਖਿਆ ਦਿੱਤੀ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ, ਜਿੱਥੇ ਵੀ ਭਾਰਤੀ ਮੂਲ ਦੇ ਲੋਕ ਵੱਸਦੇ ਹਨ, ਸ਼ਿਵਲਿੰਗ ਦੀ ਪੂਜਾ ਸੰਤਾਨ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਜੰਗਮ ਦੁਆਰਾ ਲਿੰਗ ਪੂਜਾ ਕਰਨ ਦੀ ਪ੍ਰਾਚੀਨਤਾ ਦੇ ਮੌਲਿਕ ਪ੍ਰਮਾਣ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਲਿੰਗ ਪੂਜਾ ਦੇ ਇਤਿਹਾਸਕ ਪ੍ਰਮਾਣ ਵਿਭਿੰਨ ਮੰਦਰਾਂ, ਮੱਠਾਂ ਅਤੇ ਸੰਗ੍ਰਹਿਲਿਆਂ ਵਿੱਚ ਸੁਰੱਖਿਅਤ ਪਏ ਹਨ। ਏਕ ਮੂਰਤੀ ਸਤ੍ਰੀਯੋ ਭਾਗਾ ਗੁਰੂ ਲਿੰਗਮ ਤੋਂ ਜੰਗਮ ਅਰਥਾਤ ਪਰਮਸ਼ਿਵ ਚੈਤੰਨਯ ਦੇ ਇਹ ਤਿੰਨ ਰੂਪ ਮੰਨੇ ਜਾਂਦੇ ਹਨ।