Wednesday, April 22, 2015

ਨਿੱਜੀ ਸਕੂਲਾਂ ਵਲੋਂ ਫ਼ੀਸਾਂ 'ਚ ਕੀਤੇ ਵਾਧੇ ਦੇ ਵਿਰੋਧ ਵਿਚ ਰੋਸ ਅਭਿਆਨ

ਮੰਡੀ ਗੋਬਿੰਦਗੜ੍ਹ, 22 ਅਪ੍ਰੈਲ ਨਿੱਜੀ ਸਕੂਲਾਂ ਵਲੋਂ ਫ਼ੀਸਾਂ 'ਚ ਕੀਤੇ ਵਾਧੇ ਦੇ ਵਿਰੋਧ ਵਿਚ ਚੱਲ ਰਿਹਾ ਰੋਸ ਅਭਿਆਨ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ | ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਦੇ ਅੱਗੇ ਜੀ. ਟੀ. ਰੋਡ 'ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ ਗਈ ਪਰ ਕੋਈ ਹੱਲ ਨਿਕਲਦਾ ਵਿਖਾਈ ਨਹੀਂ ਦੇ ਰਿਹਾ ਹੈ | ਅੱਜ ਇੱਥੋਂ ਦੇ ਜੀ. ਟੀ. ਰੋਡ ਖੰਨਾ ਸਾਈਡ ਸਥਿਤ ਜੀ. ਪੀ. ਐਸ. ਸਕੂਲ ਦੇ ਬਾਹਰ ਪੰਜਾਬ ਪੇਰੈਂਟਸ ਐਸੋਸੀਏਸ਼ਨ ਤੇ ਵਿਸ਼ਵਾਸ ਇਕ ਉਮੀਦ ਨਾਮਕ ਸੰਸਥਾਵਾਂ ਦੀ ਅਗਵਾਈ ਹੇਠ ਮਾਪਿਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵਿਸ਼ਵਾਸ ਇਕ ਉਮੀਦ ਸੰਸਥਾ ਦੇ ਪ੍ਰਧਾਨ ਰਵਿੰਦਰ ਸਿੰਘ ਪਦਮ ਨੇ ਕਿਹਾ ਕਿ ਮੈਨੇਜਮੈਂਟ ਕਮੇਟੀ ਜਾਣ ਬੁੱਝ ਕੇ ਉਨ੍ਹਾਂ ਦੇ ਮਾਮਲੇ ਨੂੰ ਲਮਕਾਉਣਾ ਚਾਹੁੰਦੀ ਹੈ ਤਾਂ ਕਿ ਕੋਈ ਵੀ ਗੱਲ ਸਿਰੇ ਚੜ੍ਹਨ ਤੋਂ ਪਹਿਲੲ ਉਹ ਫ਼ੀਸਾਂ ਵਿਚ ਕੀਤੇ ਵਾਧੇ ਸਮੇਤ ਇਕੱਠਾ ਕਰ ਲੈਣ | ਉਨ੍ਹਾਂ ਕਿਹਾ ਕਿ ਪੇਰੈਂਟਸ ਤਾਂ ਆਪਣੀਆਂ ਮੰਗਾਂ ਲਿਖ ਕੇ ਦੇਣ ਲਈ ਤਿਆਰ ਹਨ ਪਰ ਮੈਨੇਜਮੈਂਟ ਇਹ ਫ਼ੈਸਲਾ ਲੈਣ ਲਈ ਇਕ ਹਫ਼ਤੇ ਦਾ ਸਮਾਂ ਚਾਹੁੰਦੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਸਕੂਲ ਦੇ ਬਾਹਰ ਧਰਨਾ ਲੱਗਣ ਦੇ ਬਾਵਜੂਦ ਉਨ੍ਹਾਂ ਨੂੰ ਪੇਰੈਂਟਸ ਦੀਆਂ ਮੰਗਾਂ ਦਾ ਪਤਾ ਹੀ ਨਹੀਂ ਲੱਗਾ | ਉਨ੍ਹਾਂ ਕਿਹਾ ਦੀ ਜੇਕਰ ਮੈਨੇਜਮੈਂਟ ਕਮੇਟੀ ਇਸ ਮਸਲੇ 'ਤੇ ਗੰਭੀਰ ਹੈ ਤਾਂ ਉਹ ਉਨ੍ਹਾਂ ਦੇ ਨਾਲ ਗੱਲ ਕਰਕੇ ਤੁਰੰਤ ਇਸ ਮਸਲੇ ਨੂੰ ਹੱਲ ਕਰਨ ਲਈ ਤਿਆਰ ਕਿਉਂ ਨਹੀਂ ਹੈ | ਸ੍ਰੀ ਪਦਮ ਨੇ ਕਿਹਾ ਕਿ ਪੇਰੈਂਟਸ ਵਲੋਂ ਸਕੂਲ ਦੇ ਕੰਮਕਾਜ 'ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਉਣ ਦੀ ਕਦੇ ਇੱਛਾ ਰਹੀ ਹੈ ਤੇ ਨਾ ਹੀ ਕਦੇ ਹੋਵੇਗੀ ਕਿਉਂਕਿ ਉਨ੍ਹਾਂ ਦੇ ਬੱਚੇ ਤਾਂ ਉੱਥੇ ਪੜ੍ਹਨ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ 'ਚ ਦਖ਼ਲ ਦੇ ਕੇ ਪੇਰੈਂਟਸ ਦੀ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ |