Saturday, June 6, 2015

ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਅੱਜ ਪੁੱਜਣਗੀਆਂ ਸਾਹਨੇਵਾਲ, ਦੋਰਾਹਾ ਅਤੇ ਖੰਨਾ


Press note ludhiana lok saparak
ਸਾਹਨੇਵਾਲ/ਦੋਰਾਹਾ/ਖੰਨਾ, (000)-ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਨਾਲ ਸਬੰਧਤ ਪਾਵਨ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਹਿੱਤ ਆਰੰਭੀ ਧਾਰਮਿਕ ਦਰਸ਼ਨ ਯਾਤਰਾ 7 ਜੂਨ ਨੂੰ ਸਾਹਨੇਵਾਲ, ਦੋਰਾਹਾ ਅਤੇ ਖੰਨਾ ਸ਼ਹਿਰ ਵਿਖੇ ਪੁੱਜੇਗੀ। ਦੋਰਾਹਾ ਇਲਾਕੇ ਵਿੱਚ ਪੁੱਜਣ 'ਤੇ ਦਰਸ਼ਨ ਦੀਦਾਰ ਯਾਤਰਾ ਦਾ ਸਭ ਤੋਂ ਪਹਿਲਾਂ ਗੁਰਦੁਅਰਾ ਅਤਰਸਰ ਸਾਹਿਬ ਜੀ.ਟੀ. ਰੋਡ ਵਿਖੇ ਸੰਗਤਾਂ ਵੱਲੋਂ ਸਮੂਹਿਕ ਰੂਪ ਵਿੱਚ ਸਵਾਗਤ ਕੀਤਾ ਜਾਵੇਗਾ, ਜਦਕਿ ਸਾਹਨੇਵਾਲ ਅਤੇ ਖੰਨਾ ਵਿਖੇ ਨੈਸ਼ਨਲ ਹਾਈਵੇ ਦੇ ਵੱਖ-ਵੱਖ ਸਥਾਨਾਂ 'ਤੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਮਿਤੀ 6 ਜੂਨ ਦੀ ਰਾਤ ਦਾ ਠਹਿਰਾਅ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਵਿਖੇ ਕਰਨ ਉਪਰੰਤ ਯਾਤਰਾ ਸਵੇਰੇ 8 ਵਜੇ ਡੇਹਲੋਂ ਰਸਤਿਉਂ ਸਾਹਨੇਵਾਲ ਲਈ ਰਵਾਨਾ ਹੋਵੇਗੀ, ਜਿੱੱਥੇ ਕਿ ਵੱਖ-ਵੱਖ ਪ੍ਰਮੁੱਖ ਸਥਾਨਾਂ 'ਤੇ ਸਮਾਜ ਦੀ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਸਵਾਗਤ ਕੀਤਾ ਜਾਵੇਗਾ। ਕਸਬਾ ਡੇਹਲੋਂ ਵਿਖੇ ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਵਿੱਚ, ਸਾਹਨੇਵਾਲ ਵਿਖੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ, ਦੋਰਾਹਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਦੀ ਅਗਵਾਈ ਵਿੱਚ, ਜਦਕਿ ਖੰਨਾ ਵਿਖੇ ਸਾਬਕਾ ਵਿਧਾਇਕ ਸ੍ਰ. ਰਣਜੀਤ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਦੇ ਜ਼ਿਲ•ਾ ਪ੍ਰਧਾਨ ਸ੍ਰ. ਸੰਤਾ ਸਿੰੰਘ ਉਮੈਦਪੁਰੀ ਦੀ ਅਗਵਾਈ ਵਿੱਚ ਸਵਾਗਤ ਕੀਤਾ ਜਾਵੇਗਾ। ਮਿਤੀ 7 ਜੂਨ ਦੀ ਰਾਤ ਦਾ ਠਹਿਰਾਉ ਗੁਰਦੁਆਰਾ ਸੁੱਖ ਸਾਗਰ ਸਾਹਿਬ ਖੰਨਾ ਵਿਖੇ ਕੀਤਾ ਜਾਵੇਗਾ।
ਦਰਸ਼ਨ ਦੀਦਾਰ ਯਾਤਰਾ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਪਾਤਸ਼ਾਹ ਦੀ ਪਵਿੱਤਰ ਛੋਹ ਪ੍ਰਾਪਤ ਨਿਸ਼ਾਨੀਆਂ ਸ਼ਾਮਲ ਹਨ। ਇਨ•ਾਂ ਪਾਵਨ ਨਿਸ਼ਾਨੀਆਂ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਉਹ ਇਤਿਹਾਸਕ ਚੋਲਾ ਹੈ ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ, ਰਾਮ ਸਿੰਘ ਨੂੰ ਕ੍ਰਿਪਾ ਕਰਕੇ ਭੇਜਿਆ। ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਗੀਰੀ ਰੇਸ਼ਮੀ ਵਸਤਰ ਹੈ। ਗੁਰੂ ਸਾਹਿਬ ਦੀ ਉਹ ਦਸਤਾਰਨ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਜੰਗ ਪਿੱਛੋਂ ਸਾਈਂ ਬੁੱਧੂਸ਼ਾਹ ਸਢੌਰੇ ਵਾਲੇ ਨੂੰ ਬਖਸ਼ੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਦਸਤਾਰੀ ਕੰਘਾ ਜਿਸ ਵਿਚ ਵਾਹੇ ਹੋਏ ਕੇਸ ਹਨ, ਵੀ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਲੋਕ ਸਿੰਘ ਨੂੰ ਅੰਮ੍ਰਿਤ ਛਕਾਉਣ ਸਮੇਂ ਸੰਨ 1706 ਵਿਚ ਦਮਦਮੇ ਵਿਖੇ ਬਖਸ਼ੀ ਸਿਰੀ ਸਾਹਿਬ ਵੀ ਦਰਸ਼ਨਾਂ ਲਈ ਰੱਖੀ ਗਈ ਹੈ, ਜਿਸ ਦੇ ਇਕ ਤਰਫ ਪਾਠ ਹੈ-'ਸ੍ਰੀ ਭਗੌਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸ' ਅਤੇ ਦੂਜੀ ਤਰਫ ਹੈ-'ਪਾਤਸ਼ਾਹੀ ਦਸ'।
ਇਸ ਦੇ ਨਾਲ ਹੀ ਇੱਕ ਹੋਰ ਸਿਰੀ ਸਾਹਿਬ ਹੈ ਜੋ ਬਡਰੁੱਖਿਆਂ ਤੋਂ ਮਹਾਰਾਜਾ ਹੀਰਾ ਸਿੰਘ ਆਪਣੇ ਨਾਲ ਨਾਭੇ ਲਿਆਏ, ਇਸ ਉੱਪਰ ਪਾਠ ਹੈ-'ਗੁਰੂ ਗੋਬਿੰਦ ਸਿੰਘ ਕੇ ਕਮਰ ਕੀ ਤਲਵਾਰ ਹੈਗੀ, ਬਧੇ ਦੇਗ ਤੇ ਯਾ ਤੇਗ ਤੇ', ਕਬਜੇ ਪੁਰ ਪਾਠ ਹੈ-'ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ'।
ਦਰਸ਼ਨ ਦੀਦਾਰ ਯਾਤਰਾ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਕਿਰਪਾਨ ਵੀ ਹੈ, ਜੋ ਰਾਇ ਕੱਲ•ਾ ਨੂੰ ਬਖਸ਼ੀ ਸੀ। ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜ਼ਰੀਏ ਮਹਾਰਾਜਾ ਜਸਵੰਤ ਸਿੰਘ ਨੂੰ ਮਿਲੀ। ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਤੀਰ ਹਨ ਜਿਨ•ਾਂ ਵਿੱਚ ਦੋ ਬਰਛਾ ਤੀਰ ਹਨ। ਇਨ•ਾਂ ਸਾਰਿਆਂ 'ਤੇ ਸੋਨਾ ਲੱਗਾ ਹੋਇਆ ਹੈ।
ਇਨ•ਾਂ ਪਾਵਨ ਨਿਸ਼ਾਨੀਆਂ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 36 ਇੰਚ ਲੰਮਾ ਤੇਗਾ ਵੀ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਇਸ 'ਤੇ 'ਸਤਿ ਸ੍ਰੀ ਅਕਾਲ ਤੇਗ ਬਹਾਦਰ ਸੰਮਤ 1713' ਉਕਰਿਆ ਹੋਇਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੱਥ ਲਿਖਤ ਗੰ੍ਰਥ ਜਿਸ ਦੇ 300 ਪੱਤਰੇ ਹਨ, ਵੀ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ, ਜਿਸ ਬਾਰੇ ਭਾਈ ਤਾਰਾ ਸਿੰਘ ਕਵੀ ਦੇ ਹਵਾਲੇ ਨਾਲ ਜ਼ਿਕਰ ਮਿਲਦਾ ਹੈ ਕਿ ਇਹ ਕਲਗੀਧਰ ਪਾਤਸ਼ਾਹ ਦਾ ਲਿਖਿਆ ਹੋਇਆ ਹੈ। ਰਾਜਾ ਭਰਪੂਰ ਸਿੰਘ ਨੇ ਕਵੀ ਨੂੰ ਦੋ ਹਜ਼ਾਰ ਨਕਦ ਅਤੇ ਦੋ ਸੌ ਰੁਪਏ ਸਾਲਾਨਾ ਜਾਗੀਰ ਦੇ ਕੇ ਇਹ ਗ੍ਰੰਥ ਲੈ ਲਿਆ ਸੀ।
ਦਰਸ਼ਨ ਦੀਦਾਰ ਯਾਤਰਾ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਕਿਰਪਾਨ ਹੈ ਜਿਹੜੀ 46 ਇੰਚ ਲੰਮੀ ਹੈ ਅਤੇ ਉਨ•ਾਂ ਨਾਲ ਹੀ ਸਬੰਧਤ  22 ਇੰਚ ਲੰਮਾ ਕੋਰੜਾ ਵੀ ਹੈ।
ਫ਼ੋਟੋ ਕੈਪਸ਼ਨਾਂ: 7 ਜੂਨ ਨੂੰ ਪੁੱਜ ਰਹੀ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਵਿੱਚ ਸ਼ਾਮਿਲ ਗੁਰੂ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਦੀਆਂ ਤਸਵੀਰਾਂ।