.

Thursday, May 14, 2015

30 ਪਰਿਵਾਰਾਂ ਦੇ ਮੈਬਰਾਂ ਦੀ ਕੁੱਟਮਾਰ-ਨਕਦੀ ਅਤੇ ਗਹਿਣੇ ਲੁੱਟੇ


ਫ਼ਤਹਿਗੜ੍ਹ ਸਾਹਿਬ, 13 ਮਈ
-ਸਰਹਿੰਦ ਦੇ ਮੁਹੱਲਾ ਸ਼ੇਖ਼ੂਪੁਰਾ ਵਿਖੇ ਸਥਿਤ ਸ਼ਿਵ ਮੰਦਰ (ਕੁਸ਼ਟ ਆਸ਼ਰਮ) 'ਚ ਬੀਤੀ ਰਾਤ ਨਕਾਬਪੋਸ਼ ਕਾਲਾ ਕੱਛਾ ਗਰੋਹ ਦੇ ਅੱਧੀ ਦਰਜਨ ਦੇ ਕਰੀਬ ਮੈਂਬਰਾਂ ਵਲੋਂ ਹਮਲਾ ਕਰ ਦਿੱਤਾ ਗਿਆ ਅਤੇ ਆਸ਼ਰਮ 'ਚ ਰਹਿੰਦੇ 30 ਪਰਿਵਾਰਾਂ ਦੀਆਂ ਔਰਤਾਂ ਸਮੇਤ ਮੈਬਰਾਂ ਦੀ ਕੁੱਟਮਾਰ ਕੀਤੀ ਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਕੁੱਟਮਾਰ ਦੌਰਾਨ ਮੰਦਰ ਦੇ ਪੁਜਾਰੀ ਦੀ ਮੌਤ ਹੋ ਗਈ | ਪ੍ਰਾਪਤ ਸੂਚਨਾ ਅਨੁਸਾਰ ਰਾਤ ਕਰੀਬ 12.30 ਵਜੇ ਅੱਧੀ ਦਰਜਨ ਤੋਂ ਵੱਧ ਲੁਟੇਰਿਆਂ ਨੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਨ ਤੇ ਚਿੱਟੀਆਂ ਬਨੈਣਾਂ ਤੇ ਕਾਲੇ ਕੱਛੇ ਪਾਏ ਹੋਏ ਸਨ ਅਤੇ ਵੱਖ-ਵੱਖ ਭਾਸ਼ਾਵਾਂ 'ਚ ਗੱਲ ਕਰਦੇ ਸਨ, ਨੇ ਸਰਹਿੰਦ ਦੇ ਕੁਸ਼ਟ ਆਸ਼ਰਮ 'ਚ ਰਹਿੰਦੇ 30 ਦੇ ਕਰੀਬ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ | ਆਸ਼ਰਮ ਦੇ ਪ੍ਰਧਾਨ ਟਿਕਾ ਰਾਮ ਨੇ ਦੱਸਿਆ ਇਸ ਗਰੋਹ ਦੇ ਕਰੀਬ 5-6 ਮੈਂਬਰਾਂ ਨੇ ਵੱਖ-ਵੱਖ ਪਰਿਵਾਰਾਂ ਦੇ ਕਮਰਿਆਂ ਨੂੰ ਬਾਹਰੋਂ ਕੁੰਡੀ ਲਾ ਦਿੱਤੀ ਅਤੇ ਆਪਣੇ ਆਪ ਨੰੂ ਸੀ.ਬੀ.ਆਈ. ਦਾ ਅਫ਼ਸਰ ਦੱਸ ਕੇ ਇੱਕ-ਇੱਕ ਕਮਰੇ ਦਾ ਦਰਵਾਜ਼ਾ ਖੁਲ੍ਹਵਾ ਕੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਪਾਸੋਂ ਜੋ ਵੀ ਨਕਦੀ ਜਾਂ ਗਹਿਣੇ ਮਿਲੇ ਖੋਹ ਲਏ ਅਤੇ ਇਹ ਸਿਲਸਿਲਾ ਤੜਕੇ ਕਰੀਬ 2:30 ਵਜੇ ਤੱਕ ਜਾਰੀ ਰਿਹਾ, ਇਸ ਦੌਰਾਨ ਵਿਰੋਧ ਕਰਨ ਵਾਲੇ ਨੇਤ ਰਾਮ ਨਾਮਕ ਮੰਦਿਰ ਦੇ  ਪੁਜਾਰੀ ਦੀ ਉਨ੍ਹਾਂ ਕਾਫ਼ੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਪੁਲਿਸ ਨੂੰ ਖ਼ਦਸ਼ਾ ਹੈ ਕਿ ਇਹ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ | ਇਨ੍ਹਾਂ ਨਕਾਬਪੋਸ਼ ਲੁਟੇਰਿਆਂ ਦੇ ਹੱਥਾਂ 'ਚ ਸਫ਼ੈਦੇ ਦੀ ਲੱਕੜ ਦੇ ਡੰਡੇ ਅਤੇ ਲੋਹੇ ਦੀਆਂ ਰਾਡਾਂ ਸਨ | ਆਸ਼ਰਮ ਦੇ ਗੁਆਂਢੀ ਐਡਵੋਕੇਟ ਸਰਬਜੀਤ ਕੁਮਾਰ ਨੇ ਦੱਸਿਆ ਕਿ ਉਸ ਨੂੰ 2:30 ਵਜੇ ਦੇ ਕਰੀਬ ਕੁਸ਼ਟ ਆਸ਼ਰਮ ਤੋਂ ਫ਼ੋਨ ਆਇਆ ਕਿ ਉਨ੍ਹਾਂ 'ਤੇ ਲੁਟੇਰਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ, ਜਿਸ 'ਤੇ ਉਸ ਨੇ 4-5 ਵਿਅਕਤੀ ਇਕੱਤਰ ਕਰਕੇ ਆਸ਼ਰਮ ਦੇ ਮੇਨ ਗੇਟ 'ਤੇ ਜਾ ਕੇ ਪੁਲਿਸ ਆਉਣ ਦਾ ਰੌਲਾ ਪਾਇਆ ਜਿਸ ਕਾਰਨ ਇਹ ਨਕਾਬਪੋਸ਼ ਲੁਟੇਰੇ ਫ਼ਰਾਰ ਹੋ ਗਏ | ਲੁਟੇਰਿਆਂ ਦੀ ਮਾਰਕੁੱਟ ਦਾ ਸ਼ਿਕਾਰ ਹੋਏ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਦੇਹਰਾਦੂਨ ਦੇ ਸਕੂਲ 'ਚ ਪੜ੍ਹਦੇ ਬੱਚਿਆਂ ਲਈ ਰੱਖੀ ਇੱਕ ਸਾਲ ਦੀ 30 ਹਜ਼ਾਰ ਰੁਪਏ ਦੇ ਕਰੀਬ ਫ਼ੀਸ ਵੀ ਲੁਟੇਰੇ ਲੈ ਗਏ, ਜਦੋਂਕਿ ਆਸ਼ਰਮ ਵਿਖੇ ਬਣੇ ਸ਼ਿਵ ਮੰਦਿਰ ਦੀ ਗੋਲਕਾਂ ਸੁਰੱਖਿਅਤ ਹਨ | ਘਟਨਾ ਵਾਲੀ ਥਾਂ 'ਤੇ ਪਹੁੰਚੇ ਡੀ.ਆਈ.ਜੀ ਲੁਧਿਆਣਾ ਰੇਂਜ ਜੀ. ਐਸ ਢਿੱਲੋਂ ਤੇ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਰੰਧਾਵਾ, ਐਸ.ਪੀ.(ਡੀ) ਬਲਵੰਤ ਸਿੰਘ, ਡੀ.ਐਸ.ਪੀ. ਕਰਨਸ਼ੇਰ ਸਿੰਘ, ਜਗਜੀਤ ਸਿੰਘ ਜੱਲ੍ਹਾ, ਹਰਦਵਿੰਦਰ ਸਿੰਘ ਸੰਧੂ ਤੇ ਮਨਪ੍ਰੀਤ ਸਿੰਘ ਸਮੇਤ ਗੁਆਂਢੀ ਸ਼ਹਿਰਾਂ ਦੇ ਅਧਿਕਾਰੀਆਂ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਉਨ੍ਹਾਂ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ | ਮੌਕੇ 'ਤੇ ਪੀੜਤਾਂ ਨੇ ਦੱਸਿਆ ਕਿ ਦੋਸ਼ੀ ਆਪਣੀ ਇੱਕ ਡਾਇਰੀ ਜਿਸ ਵਿਚ ਕੁੱਝ ਟੈਲੀਫ਼ੋਨ ਨੰਬਰ ਵੀ ਹਨ ਤੇ ਦਿੱਲੀ ਤੋਂ ਸਰਹਿੰਦ ਦੀ ਬੱਸ ਟਿਕਟ ਛੱਡ ਗਏ, ਜਦਕਿ ਪੁਲਿਸ ਨੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ | ਫ਼ਤਹਿਗੜ੍ਹ ਸਾਹਿਬ ਹਲਕੇ ਦੇ ਇੰਚਾਰਜ ਦੀਦਾਰ ਸਿੰਘ ਭੱਟੀ ਨੇ ਮੌਕੇ 'ਤੇ ਜਾ ਕੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਥਾਣਾ ਸਰਹਿੰਦ ਦੇ ਮੁਖੀ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਵਰਨਣਯੋਗ ਹੈ ਕਿ ਇਹ ਪੀੜਤ ਵਿਅਕਤੀ ਹਰੇਕ ਮੰਗਲਵਾਰ ਲੋਕਾਂ ਦੇ ਘਰਾਂ ਤੋਂ ਖ਼ੈਰਾਤ ਮੰਗ ਕੇ ਗੁਜ਼ਾਰਾ ਕਰਦੇ ਹਨ | ਪ੍ਰਾਪਤ ਸੂਚਨਾ ਅਨੁਸਾਰ ਰੇਲਵੇ ਲਾਈਨ ਨਜ਼ਦੀਕ ਪੁਲਿਸ ਨੂੰ ਇੱਕ ਅਣਪਛਾਤਾ ਵਾਹਨ ਵੀ ਮਿਲਿਆ ਹੈ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਵਾਹਨ ਦੀ ਵਰਤੋਂ ਇਸ ਗਰੋਹ ਦੇ ਮੈਬਰਾਂ ਵਲੋਂ ਘਟਨਾ ਸਮੇਂ ਕੀਤੀ ਗਈ ਪ੍ਰੰਤੂ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ |