Friday, March 30, 2018

ਲਾਊਡ ਸਪੀਕਰ, ਡੀਜੇ ਆਦਿ ਦਾ ਸ਼ੋਰ ਪ੍ਰਦੂਸ਼ਣ ਰੋਕਣ ਸਬੰਧੀ ਚੁੱਕੇ ਗਏ ਕਦਮਾਂ ਦੀ ਸ਼ਲਾਘਾ





ਪੰਜਾਬ ਸਰਕਾਰ ਵੱਲੋਂ ਲਾਊਡ ਸਪੀਕਰਾਂ ਦੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਲਏ ਗਏ ਫੈਸਲੇ ਦੇ ਮੱਦੇਨਜ਼ਰ ਪੰਜਾਬ ਆਵਾਜ਼ ਪ੍ਰਦੂਸ਼ਣ ਵਿਰੋਧੀ ਸਭਾ ਦੀ ਵਿਸ਼ੇਸ਼ ਮੀਟਿੰਗ ਰਾਮਦਾਸ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਲਾਊਡ ਸਪੀਕਰ, ਡੀਜੇ ਆਦਿ ਚਲਾ ਕੇ ਸ਼ੋਰ ਪ੍ਰਦੂਸ਼ਣ ਫੈਲਾਉਣ ਦੇ ਮਾਰੂ ਪ੍ਰਭਾਵਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸਰਬ ਪਾਰਟੀ ਮੀਟਿੰਗ ਬੁਲਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ। ਸਭਾ ਦੇ ਮੁੱਖ ਸਲਾਹਕਾਰ ਰਾਜਪਾਲ ਨੇ ਕਿਹਾ ਕਿ ਲਾਊਡ ਸਪੀਕਰਾਂ, ਡੀਜੇ ਸਪੀਕਰਾਂ ਆਦਿ ਆਵਾਜ਼ ਪੈਦਾ ਕਰਨ ਵਾਲੇ ਯੰਤਰਾਂ ਰਾਹੀਂ ਸ਼ੋਰ ਪ੍ਰਦੂਸ਼ਣ ਫੈਲਾਉਣ ਦਾ ਮਸਲਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਲਾਊਡ ਸਪੀਕਰ, ਡੀਜੇ ਆਦਿ ਚਲਾਉਣ ਦੀ ਮਨਜ਼ੂਰੀ ਲੈ ਕੇ ਅਕਸਾਰ ਹੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ-ਨਾਲ ਬਿਮਾਰਾਂ, ਬਜ਼ੁਰਗਾਂ, ਮਾਸੂਮ ਬੱਚਿਆਂ ਨੂੰ ਵੀ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਵੀ ਸ਼ੋਰ ਪ੍ਰਦੂਸ਼ਣ ਬਹੁਤ ਖ਼ਤਰਨਾਕ ਹੈ। ਸਭਾ ਦੇ ਪ੍ਰਧਾਨ ਰਾਮਦਾਸ ਨਸਰਾਲੀ ਨੇ ਦੱਸਿਆ ਕਿ ਸਾਡੀ ਸਭਾ ਵੱਲੋਂ ਪਿੱਛਲੇ ਲੰਬੇ ਸਮੇਂ ਤੋਂ ਆਵਾਜ਼ ਪ੍ਰਦੂਸ਼ਣ ਰੋਕਣ ਲਈ ਨਿਯਮਾਂ ਦਾ ਹਵਾਲਾ ਦੇ ਕੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਬੇਨਤੀਆਂ ਕੀਤੀਆਂ ਹਨ, ਪਰ ਇਸ ਮਸਲੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਸਭਾ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸ਼ੋਰ ਪ੍ਰਦੂਸ਼ਣ ਰੋਕਣਾ ਸਰਕਾਰ ਦਾ ਹੱਕ ਵੀ ਹੈ, ਫਰਜ਼ ਵੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਯੰਤਰ ਵੀ ਜ਼ਬਤ ਕਰਨੇ ਚਾਹੀਦੇ ਹਨ। ਇਸ ਮੌਕੇ ਮਾ. ਗੁਰਮੇਲ ਸਿੰਘ ਘੁਡਾਣੀ, ਮਾ. ਬਲਜੀਤ ਸਿੰਘ ਈਸੜੂ, ਮਾ. ਹਰਜੀਤ ਸਿੰਘ ਈਸੜੂ, ਗਿਆਨੀ ਰਾਜਿੰਦਰ ਸਿੰਘ, ਲੈਕ. ਪਰਮਜੀਤ ਸਿੰਘ ਜਰਗੜੀ, ਲੈਕ. ਹਰਪ੍ਰੀਤ ਕੌਰ ਗਰੇਵਾਲ, ਮਾ. ਕੁਲਦੇਵ ਸਿੰਘ, ਅਮਿਤ ਸ਼ਰਮਾ, ਐਡਵੋਕੇਟ ਰਾਜੀਵ ਮਹਿਤਾ, ਐਡਵੋਕੇਟ ਜਗਰਾਜ ਸਿੰਘ ਬੈਨੀਪਾਲ, ਐਡਵੋਕੇਟ ਕਰਮਚੰਦ, ਐਡਵੋਕੇਟ ਰਣਜੀਤ ਸਿੰਘ ਸੇਖੋਂ ਆਦਿ ਹਾਜ਼ਰ ਸਨ।