Wednesday, September 28, 2016

ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ

ਮਾਛੀਵਾੜਾ ਸਾਹਿਬ, 27 ਸਤੰਬਰ ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਵਿਖੇ ਸਭਾ ਦੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼ਾਇਰ ਸੁਰਜੀਤ ਸਿੰਘ ਜੀਤ ਕੋਲੋਂ ਨਿਊਜ਼ੀਲੈਂਡ ਦੀਆਂ ਸਾਹਿਤਕ ਜੱਥਾਂ, ਉਥੋਂ ਦੇ ਸਿਸਟਮ ਤੇ ਸਮਾਜਿਕ ਸਰੋਕਾਰਾ ਬਾਰੇ ਚਰਚਾ ਕੀਤੀ ਗਈ | ਰਚਨਾਵਾਂ ਦੇ ਦੌਰ 'ਚ ਹਿੰਦੀ ਕਵੀ ਸੁਰਜੀਤ ਵਿਸ਼ਦ ਨੇ ਕਵਿਤਾ 'ਪ੍ਰਤੀਕ ਔਰ ਪ੍ਰਸਤਰ', ਸਾਹਿਤ ਸਭਾ ਮੋਰਿੰਡਾ ਦੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ਨੇ ਗਜ਼ਲ 'ਕਰਦੇ ਰਹਿਣ ਸਲਾਮਾਂ ਲੋਕੀ ਹੋਵਣ ਜੇਕਰ ਬਾਹਵਾਂ ਨਾਲ' ਅਤੇ ਇੱਕ ਕਵਿਤਾ 'ਧੜਕਦਾ ਸੂਰਜ' ਸੁਣਾਈ | ਇਸ ਉਪਰੰਤ ਸ਼ਾਇਰ ਅਮਰਿੰਦਰ ਸਿੰਘ ਸੋਹਲ ਨੇ ਲੇਖ 'ਗਜ਼ਲ ਦਾ ਪੰਜਾਬੀ ਕਾਵਿ ਵਿਚ ਸਥਾਨ' ਸੁਣਾਇਆ, ਜਿਸ 'ਤੇ ਕਾਫ਼ੀ ਉਸਾਰੂ ਸੁਝਾਅ ਦਿੱਤੇ ਗਏ | ਫਿਰ ਸਾਹਿਤ ਸਭਾ ਬਹਿਰਾਮਪੁਰ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਨੇ ਆਪਣੀ ਗਜ਼ਲ 'ਨਿਰੰਤਰ ਤੁਰ ਰਿਹੈ ਤੂੰ ਐ ਦਿਲਾ ਦੱਸ ਮਾਮਲਾ ਹੈ ਕੀ', ਸ਼ਾਇਰ ਟੀ. ਲੋਚਨ ਨੇ ਗਜ਼ਲ 'ਜਿਸਮ ਅੰਦਰ ਮਹਿਕ ਸਾਹਾਂ ਦੀ ਰਲਾ ਕੇ, ਤੁਰ ਗਿਆ ਜੀਵਨ ਮੇਰਾ ਖ਼ੁਸ਼ਬੂ ਬਣਾ ਕੇ' ਸੁਣਾਈ, ਸੁਰਜੀਤ ਜੀਤ ਨੇ ਦੋ ਗ਼ਜ਼ਲਾਂ, ਇੱਕ ਗ਼ਜ਼ਲ ਦਾ ਮਤਲਾ ਹੈ 'ਕੁਝ ਨਾ ਰੋ ਕੇ ਯਾਰਾ ਮਿਲਦਾ, ਹੱਸਿਆ ਖੂਬ ਹੁਲਾਰਾ ਮਿਲਦਾ', ਸ਼ਾਇਰ ਹਰਬੰਸ ਮਾਛੀਵਾੜਾ ਨੇ ਗ਼ਜ਼ਲ 'ਮੈਂ ਭੁਰ ਕੇ ਵੀ ਕਿਸੇ ਹਦ ਤਕ ਸਫਰ ਤੋਂ ਸਾਬਤਾ ਆਇਆ, ਮਿਰੇ ਪਰਖਣ ਨੂੰ ਸੌ ਵਾਰੀ ਸਮਾਂ ਅੱਛਾ ਬੁਰਾ ਆਇਆ', ਸ਼ਾਇਰ ਨਿਰੰਜਨ ਸੂਖਮ ਨੇ ਗਜ਼ਲ 'ਮੁਨਾਰੇ ਮਹਿਲ ਚੌਬਾਰੇ ਉਸਾਰੇ ਕਿਰਤ ਨੇ ਸਾਰੇ, ਮਿਲੇ ਕਿਰਤੀ ਦੀ ਪਰ ਸੂਰਤ ਧੁਆਂਖੀ ਜ਼ਿੰਦਗੀ ਬਣ ਕੇ' ਦੋਵੇਂ ਗਜ਼ਲਾਂ ਨੂੰ ਭਰਪੂਰ ਦਾਦ ਮਿਲੀ | ਇਸ ਸਾਹਿਤਕ ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ | ਪੜ੍ਹੀਆਂ ਗਈਆਂ ਰਚਨਾਵਾਂ 'ਤੇ ਉਸਾਰੂ ਬਹਿਸ ਵਿਚ ਉਘੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ, ਸ਼ਾਇਰ ਸ. ਨਸੀਮ, ਜਸਵਿੰਦਰ ਸਿੰਘ ਸਚਦੇਵਾ ਅਤੇ ਮਲਕੀਤ ਸਿੰਘ ਨੇ ਭਾਗ ਲਿਆ | ਪੰਜਾਬੀ ਸਾਹਿਤ ਅਕੈਡਮੀ ਇਲਾਹਾਬਾਦ ਵੱਲੋਂ ਕਵੀ ਸੰਮੇਲਨ ਵਿਚ ਇਸ ਸਭਾ ਦੇ ਸਰਪ੍ਰਸਤ ਤੇ ਸ਼ਾਇਰ ਨਸੀਮ ਤੇ ਸ਼ਾਇਰ ਜਗਤਾਰ ਸੇਖਾ ਵੱਲੋਂ ਵਿਸ਼ੇਸ਼ ਤੌਰ 'ਤੇ ਭਾਗ ਲੈਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ |