Tuesday, September 6, 2016

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ

ਜਲੰਧਰ, -ਭਾਰਤੀ ਚੋਣ ਕਮਿਸ਼ਨ ਵੱਲੋਂ ਮਿਤੀ 1 ਜਨਵਰੀ 2017 ਨੂੰ ਆਧਾਰ ਬਣਾਕੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ | ਇਸ ਪ੍ਰੋਗਰਾਮ ਤਹਿਤ ਮਿਤੀ 7 ਸਤੰਬਰ ਨੂੰ ਵੋਟਰ ਸੂਚੀ 2017 ਦੀ ਮੁੱਢਲੀ ਪ੍ਰਕਾਸ਼ਨਾ ਹੋਵੇਗੀ, ਜੋ ਕਿ ਜ਼ਿਲ੍ਹਾ ਚੋਣ ਦਫ਼ਤਰ, ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ/ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਤੇ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਦੇ ਵੇਖਣ ਲਈ ਉਪਲਬਧ ਹੋਵੇਗੀ | ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਬਾਰੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ 10 ਸਤੰਬਰ ਤੇ 24 ਸਤੰਬਰ ਨੂੰ ਚੋਣ ਕਮਿਸ਼ਨ ਵਲੋਂ ਤਾਇਨਾਤ ਬੂਥ ਲੈਵਲ ਅਫ਼ਸਰਾਂ ਦੀ ਦੇਖ-ਰੇਖ ਹੇਠ ਗ੍ਰਾਮ ਸਭਾਵਾਂ ਤੇ ਸ਼ਹਿਰੀ ਖੇਤਰਾਂ ਵਿਚ ਰੈਜੀਂਡੈਟ ਵੈਲਫੇਅਰ ਐਸੋਸੀਏਸ਼ਨਾਂ ਦੀਆਂ ਮੀਟਿੰਗਾਂ ਕਰਵਾਕੇ ਵੋਟਰ ਸੂਚੀ ਪੜ੍ਹੀ ਜਾਵੇਗੀ ਤੇ ਇੰਦਰਾਜਾਂ ਦਾ ਮੁਆਇਨਾ ਕੀਤਾ ਜਾਵੇਗਾ | 11 ਸਤੰਬਰ ਤੇ 25 ਸਤੰਬਰ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਵਿਖੇ ਬੂਥ ਲੈਵਲ ਅਫ਼ਸਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ ਤੇ ਵੋਟਰਾਂ ਪਾਸੋਂ ਦਾਅਵੇ ਤੇ ਇਤਰਾਜ਼ ਦੇ ਫਾਰਮ ਪ੍ਰਾਪਤ ਕਰਨ ਲਈ ਮੌਜੂਦ ਰਹਿਣਗੇ | ਇਸ ਤੋਂ ਇਲਾਵਾ 7 ਸਤੰਬਰ ਤੋਂ 7 ਅਕਤੂਬਰ ਤੱਕ ਕਿਸੇ ਵੀ ਦਿਨ ਜ਼ਿਲ੍ਹਾ ਚੋਣ ਦਫ਼ਤਰ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ/ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਬੂਥ ਲੈਵਲ ਅਫ਼ਸਰਾਂ ਕੋਲ ਆਪਣੇ ਪੱਧਰ 'ਤੇ ਸੰਪਰਕ ਕਰਕੇ ਦਾਅਵੇ ਤੇ ਇਤਰਾਜ਼ਾਂ ਦੇ ਫਾਰਮ ਫਾਈਲ ਕੀਤੇ ਜਾ ਸਕਦੇ ਹਨ | ਬੁਲਾਰੇ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਆਮ ਜਨਤਾ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਿਤ ਦਫ਼ਤਰ ਜਾਂ ਪੋਲਿੰਗ ਸਟੇਸ਼ਨ ਵਿਖੇ ਬੂਥ ਲੈਵਲ ਅਫ਼ਸਰ ਕੋਲ ਜਾ ਕੇ ਵੋਟਰ ਸੂਚੀ ਵਿਚ ਆਪਣੇ ਤੇ ਪਰਿਵਾਰ ਦੇ ਵੇਰਵੇ ਦੀ ਜਾਂਚ ਕਰ ਲੈਣ | ਬੁਲਾਰੇ ਨੇ ਕਿਹਾ ਕਿ ਵੋਟਰ ਸੂਚੀ ਨੂੰ www.ceopunjab.nic.in 'ਤੇ ਵੀ ਚੈਕ ਕੀਤਾ ਜਾ ਸਕਦਾ ਹੈ |