Tuesday, October 29, 2019

ਨਿੱਘਾ ਸਵਾਗਤ


ਖੰਨਾ, - ਬੀਤੇ ਦਿਨੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਦਿੱਲੀ ਤੋਂ ਚੱਲ ਕੇ ਬੀਤੀ ਰਾਤ ਕਰੀਬ ਸਾਢੇ ਦੱਸ ਵਜੇ ਖੰਨੇ ਪੁੱਜਾ। ਪੰਜ ਪਿਆਰਿਆਂ ਦੀ ਅਗਵਾਈ 'ਚ ਰਵਾਨਾ ਹੋਏ ਇਸ ਵਿਸ਼ਾਲ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਸਾਹਮਣੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਇਹ ਨਗਰ ਕੀਰਤਨ ਦਿੱਲੀ ਤੋਂ ਰਵਾਨਾ ਹੋਇਆ ਹੈ, ਜੋ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਜਾ ਕੇ ਸਮਾਪਤ ਹੋਵੇਗਾ। ਨਗਰ ਕੀਰਤਨ ਦੇ ਸਵਾਗਤ ਅਤੇ ਦਰਸ਼ਨਾਂ ਲਈ ਸੰਗਤਾਂ ਪੱਬਾਂ ਭਾਰ ਸਨ ਅਤੇ ਦੇਰ ਸ਼ਾਮ 7 ਵਜੇ ਤੋਂ ਹੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਸਾਹਮਣੇ ਸਜਾਏ ਪੰਡਾਲ 'ਚ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਸ ਦੌਰਾਨ ਨਗਰ ਕੀਰਤਨ ਜਲਦ ਆ ਰਿਹਾ ਹੈ, ਦੀਆਂ ਕਿਆਸ ਅਰਾਈਆਂ ਜਾਰੀ ਸਨ ਅਤੇ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਉਤਾਵਲੀਆਂ ਹੋ ਰਹੀਆਂ ਸਨ। ਅੰਤ ਕਰੀਬ ਸਾਢੇ ਦੱਸ ਵਜੇ ਜਦੋਂ ਬੈਂਡ ਵਾਜਿਆਂ ਦੀਆਂ ਧੁਨਾਂ ਅਤੇ ਅਵਾਜ਼ਾਂ ਜੀ ਟੀ ਰੋਡ 'ਤੇ ਸੁਣਾਈ ਦਿੱਤੀਆਂ ਤਾਂ ਸੰਗਤਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਇਸ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਬੱਸਾਂ, ਕਾਰਾਂ ਅਤੇ ਹੋਰ ਵਾਹਨ ਸ਼ਾਮਲ ਸਨ। ਸੰਗਤਾਂ ਵਾਹਿਗੁਰੂ ਸਿਮਰਨ ਦਾ ਜਾਪ ਕਰ ਰਹੀਆਂ ਸਨ ਅਤੇ ਸਮੁੱਚਾ ਵਾਤਾਵਰਣ ਪ੍ਰਮਾਤਮਾ ਦੇ ਰੰਗ 'ਚ ਰੰਗਿਆ ਨਜਰ ਆ ਰਿਹਾ ਸੀ।
        ਇੱਕ ਖੁੱਲੀ ਜੀਪ 'ਚ ਅੱਗੇ ਅੱਗੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਅਤੇ ਪਿੱਛੇ ਭਾਂਤ ਭਾਂਤ ਦੇ ਫੁੱਲਾਂ ਨਾਲ ਸਜਾਈ ਹੋਈ ਇੱਕ ਸ਼ਾਨਦਾਰ ਸ਼ੀਸ਼ਿਆਂ ਵਾਲੀ ਬੱਸ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਖੁਸ਼ੀ ਖੁਸ਼ੀ ਸੰਗਤਾਂ ਨਤਮਸਤਕ ਹੋ ਕੇ ਨਮਸਕਾਰ ਕਰ ਰਹੀਆਂ ਸਨ। ਨਗਰ ਕੀਰਤਨ 'ਚ ਸ਼ਾਮਲ ਪੰਜ ਪਿਆਰਿਆਂ ਨੂੰ ਸਿਰੋਪੇ ਭੇਂਟ ਕੀਤੇ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੁੰਦਰ ਰੁਮਾਲੇ ਭੇਂਟ ਕੀਤੇ ਗਏ। ਇਸ ਮੌਕੇ ਹਾਜਰ ਸਮੂਹ ਸੰਗਤਾਂ ਨੂੰ ਗਰਮ ਦੁੱਧ, ਪੈਕਡ ਵਾਟਰ, ਮੱਠੀਆਂ, ਬਿਸਕੁੱਟ ਵਗੈਰਾ ਵਰਤਾਏ ਗਏ, ਜਦੋਂਕਿ ਨਗਰ ਕੀਰਤਨ ਦੇ ਸਵਾਗਤ ਲਈ ਇਕੱਤਰ ਹੋਈਆਂ ਸੰਗਤਾਂ ਲਈ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਲੰਗਰ ਦੀ ਸੇਵਾ ਲਾਂਗਰੀ ਗਗਨ ਨੇ ਨਿਭਾਈ।     
       ਇਸ ਤੋਂ ਪਹਿਲਾਂ ਗੁਰਦੁਆਰਾ ਕਲਗੀਧਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਨਗਰ ਕੀਰਤਨ ਦੇ ਸਵਾਗਤ ਸਬੰਧੀ ਤਿਆਰੀ ਦਾ ਜਾਇਜਾ ਲਿਆ। ਇਸ ਤੋਂ ਇਲਾਵਾ ਏਡੀਸੀ ਖੰਨਾ ਜਸਪਾਲ ਸਿੰਘ ਗਿੱਲ, ਐਸਡੀਐਮ ਖੰਨਾ ਸੰਦੀਪ ਸਿੰਘ, ਨਾਇਬ ਤਹਿਸੀਲਦਾਰ ਰਣਜੀਤ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਬੀਰ ਸਿੰਘ ਨੇ ਵੀ ਨਿਰੰਤਰ ਸਵਾਗਤੀ ਤਿਆਰੀਆਂ ਦਾ ਜਾਇਜਾ ਲਿਆ ਅਤੇ ਨਗਰ ਕੀਰਤਨ ਦੇ ਸਵਾਗਤ ਕਰਨ ਉਪ੍ਰੰਤ ਰਵਾਨਗੀ ਤੱਕ ਹਾਜਰ ਰਹੇ। ਪ੍ਰਸ਼ਾਸ਼ਨ ਵੱਲੋਂ ਸਵਾਗਤੀ ਇੰਤਜ਼ਾਮਾਤ 'ਚ ਸਹਿਯੋਗ ਦਿੰਦੇ ਹੋਏ ਅਮਲੋਹ ਰੋਡ ਚੌਂਕ 'ਚ ਬਰਾਸ ਬੈਂਡ ਦੀਆਂ ਸ਼ਾਨਦਾਰ ਸ਼ਬਦੀ ਧੁਨਾਂ 'ਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਬੈਂਡ ਵਾਜਿਆਂ ਨਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸਾਹਮਣੇ ਪੁੱਜਾ। ਖੰਨਾ ਪੁਲੀਸ ਵੱਲੋਂ ਨਗਰ ਕੀਰਤਨ ਦੇ ਸਬੰਧ 'ਚ ਸ਼ਾਨਦਾਰ ਅਤੇ ਢੁੱਕਵੇਂ ਪ੍ਰੁਬੰਧ ਕੀਤੇ ਗਏ ਸਨ ਅਤੇ ਵੱਖ ਵੱਖ ਅਧਿਕਾਰੀ ਬਕਾਇਦਾ ਨਿਗਰਾਨੀ ਰੱਖ ਰਹੇ ਸਨ। ਇਸ ਮੌਕੇ ਸੈਕਟਰੀ ਅਵਤਰ ਸਿੰਘ ਕੈਂਥ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਸਿਆਸੀ ਸਕੱਤਰ ਹਰਿੰਦਰ ਸਿੰਘ ਰਿੰਟਾ, ਡੀਐਸਪੀ ਖੰਨਾ ਰਾਜਨਪ੍ਰਮਿੰਦਰ ਸਿੰਘ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਬਲਾਕ ਕਾਂਗਰਸ ਦੇ ਜਨਰਲ ਸੈਕਟਰੀ ਸੰਦੀਪ ਘਈ, ਰਣਬੀਰ ਸਿੰਘ ਕਾਕਾ, ਰਵਿੰਦਰ ਸਿੰਘ ਬਬਲੂ, ਬਲਵਿੰਦਰ ਸਿੰਘ ਸੌਂਦ, ਹੈਡ ਗ੍ਰੰਥੀ ਭਾਈ ਮਲਕੀਤ ਸਿੰਘ, ਹੈਡ ਗ੍ਰੰਥੀ ਭਾਈ ਅਵਤਾਰ ਸਿੰਘ, ਕੌਂਸਲਰ ਗੁਰਮੀਤ ਨਾਗਪਾਲ, ਰਵਿੰਦਰ ਸਿੰਘ ਬੱਗਾ, ਢੰਡ ਜੀ ਸ਼ੂ ਸਟੋਰ ਵਾਲੇ, ਓਮਕਾਰ ਸਿੰਘ ਸੱਤੂ, ਭਾਈ ਗੁਰਚਰਨ ਸਿੰਘ, ਐਸ ਐਸ ਮਨਚੰਦਾ, ਮਨਪ੍ਰੀਤ ਸਿੰਘ ਮੋਖਾ, ਇੰਜ. ਬਲਦੇਵ ਸਿੰਘ ਮਠਾੜੂ, ਵਰਿੰਦਰ ਸਿੰਘ ਦਹੇਲੇ, ਗੁਰਨਾਮ ਸਿੰਘ, ਕੌਂਸਲਰ ਕ੍ਰਿਸ਼ਨਪਾਲ, ਕੌਂਸਲਰ ਪਤੀ ਕੁਲਵੰਤ ਸਿੰਘ, ਇੰਦਰਜੀਤ ਸਿੰਘ ਬਾਵਾ, ਜਤਿੰਦਰਜੀਤ ਸਿੰਘ ਬਖਸ਼ੀ, ਤਰਲੋਚਨ ਸਿੰਘ ਦੋਰਾਹਾ, ਚਾਵਲਾ ਜੀ, ਮਨਜੀਤ ਸਿੰਘ, ਮੇਜਰ ਸਿੰਘ, ਅਮਰਜੀਤ ਸਿੰਘ ਘਟੌੜੇ, ਮੈਨੇਜਰ ਸਤਨਾਮ ਸਿੰਘ, ਮੈਨੇਜਰ ਅਮਰਜੀਤ ਸਿੰਘ, ਬਾਬਾ ਸੋਹਣ ਸਿੰਘ, ਭੁਪਿੰਦਰ ਸਿੰਘ ਰਾਗੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਕਈ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜਰ ਸਨ।