ਸੰਘੋਲ, 26 ਨਵੰਬਰ )-ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਸਰਕਲ ਚੰਡੀਗੜ੍ਹ ਵੱਲੋਂ ਸੰਘੋਲ (ਉੱਚਾ ਪਿੰਡ) ਨਿਵਾਸੀਆਂ ਨੂੰ ਪਿੰਡ ਦਾ ਮਾਣਮੱਤਾ ਇਤਿਹਾਸ ਦਰਸਾਉਂਦੀ ਡਾਕੂਮੈਂਟਰੀ ਫ਼ਿਲਮ ਵਿਖਾਈ ਗਈ | ਅਧਿਕਾਰੀਆਂ ਦੱਸਿਆ ਕਿ ਫ਼ਿਲਮ ਵਿਚ ਦਰਸਾਇਆ ਗਿਆ ਹੈ ਕਿ ਕਰੀਬ ਢਾਈ ਹਜ਼ਾਰ ਸਾਲ ਪਹਿਲਾਂ ਪਿੰਡ ਵਿਚ ਮੌਜੂਦ ਸੱਭਿਅਤਾ ਦੇ ਹਾਲਾਤ, ਵਸੋਂ ਤੇ ਰਹਿਣ-ਸਹਿਣ ਕਿਹੋ ਜਿਹਾ ਸੀ, ਜਦੋਂ ਪਿੰਡ ਪੁਰਾਤਤਵ ਵਿਭਾਗ ਦੀ ਨਜ਼ਰ ਵਿਚ ਆਇਆ ਤਾਂ ਉਸ ਵਕਤ ਪ੍ਰਾਪਤ ਅਵਸ਼ੇਸ਼ ਕਿਸ ਹਾਲਤ 'ਚ ਸਨ ਤੇ ਮੌਜੂਦਾ ਹਾਲਾਤ ਕੀ ਹਨ | ਅਧਿਕਾਰੀਆਂ ਦੱਸਿਆ ਕਿ ਪਿੰਡ ਸੰਘੋਲ ਨਿਵਾਸੀਆਂ ਅਤੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਮੌਜੂਦ ਪੁਰਾਤਤਵ ਵਿਭਾਗ ਦੀ ਥਾਵਾਂ ਵਿਚੋਂ ਸਿਰਫ਼ ਸੰਘੋਲ ਨੂੰ ਅੰਤਰਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਗਿਆ ਹੈ | ਵਿਭਾਗ ਵੱਲੋਂ ਆਪਣੀ ਅਗਲੀ ਕਾਰਵਾਈ ਤਹਿਤ ਇਤਿਹਾਸਕ ਮਹੱਤਵ ਘੋਸ਼ਿਤ ਕੀਤੇ ਗਏ ਖੇਤਰ ਦੀ ਚਾਰਦੀਵਾਰੀ ਕਰਨ ਤੋਂ ਇਲਾਵਾ ਸਾਂਭ- ਸੰਭਾਲ ਲਈ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ | ਇਸ ਮੌਕੇ ਵੱਡੀ ਗਿਣਤੀ ਪਿੰਡ ਨਿਵਾਸੀਆਂ ਤੋਂ ਇਲਾਵਾ ਚੰਡੀਗੜ੍ਹ ਸਰਕਲ ਦਫ਼ਤਰ ਤੋਂ ਆਰਕੋਲੋਜਿਟ ਅਕਸ਼ੈ ਕੌਸ਼ਿਕ, ਗਰਿਮਾ ਕੌਸ਼ਿਕ, ਸਬ ਸਰਕਲ ਨਕੋਦਰ ਇੰਚਾਰਜ ਮੈਡਮ ਅਰਚਨਾ, ਸੁਰਿੰਦਰ ਕੁਮਾਰ ਆਦਿ ਹਾਜ਼ਰ ਰਹੇ |