Monday, July 2, 2018

ਕੈਮਿਸਟ ਸਟੋਰ ਮਾਲਕਾਂ ਨਾਲ ਡੀਐਸਪੀ ਨੇ ਕੀਤੀ ਮੀਟਿੰਗ

ਕੈਮਿਸਟ ਸਟੋਰਾਂ ਤੇ ਵਿਕਣ ਵਾਲੀਆਂ ਦਵਾਈਆਂ ਦੀ ਨਸ਼ੇ ਦੇ ਤੌਰ ਤੇ ਕੀਤੇ ਜਾਣ ਵਾਲੇ ਇਸਤੇਮਾਲ ਨੂੰ ਰੋਕਣ ਅਤੇ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕਰਨ ਸਬੰਧੀ ਡੀਐਸਪੀ ਪਾਇਲ ਰਛਪਾਲ ਸਿੰਘ ਢੀਂਡਸਾ ਵੱਲੋਂ ਪੁਲਿਸ ਥਾਣਾ ਦੋਰਾਹਾ 'ਚ ਦੋਰਾਹਾ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਦੇ ਕੈਮਿਸਟ ਸਟੋਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਐਸਐਚਓ ਹਰਦੀਪ ਸਿੰਘ ਚੀਮਾ ਵੱਲੋਂ ਬੁਲਾਈ ਮੀਟਿੰਗ ਦੌਰਾਨ ਕੈਮਿਸਟ ਐਸੋਸੀਏਸ਼ਨ, ਦੋਰਾਹਾ ਦੇ ਪ੍ਰਧਾਨ ਜਨਦੀਪ ਕੌਸ਼ਲ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕੈਮਿਸਟ ਸਟੋਰ ਮਾਲਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਡੀਐਸਪੀ ਢੀਂਡਸਾ ਵੱਲੋਂ ਕੈਮਿਸਟ ਸਟੋਰ ਮਾਲਕਾਂ ਨੂੰ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਨਸ਼ਿਆਂ ਦਾ ਖ਼ਾਤਮਾ ਕਰਨ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਚੇਤਾਵਨੀ ਦਿੱਤੀ ਗਈ ਕਿ ਜੇਕਰ ਕੋਈ ਕੈਮਿਸਟ ਸਟੋਰ ਮਾਲਕ ਨਸ਼ੀਲੀਆਂ ਦਵਾਈਆਂ ਵੇਚਦਾ ਪਾਇਆ ਗਿਆ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਕੈਮਿਸਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ 'ਚ ਸੂਬੇ ਅੰਦਰ ਨਸ਼ਿਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਨੌਜਵਾਨ ਨਸ਼ਿਆਂ ਦੇ ਦਲਦਲ 'ਚ ਫੱਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ ਅਤੇ ਨਸ਼ਿਆਂ ਦੇ ਰਾਹ ਪੈ ਕੇ ਜੁਰਮ ਕਰਨ ਲੱਗ ਪੈਂਦੇ ਹਨ। ਨਸ਼ਿਆਂ ਤੇ ਠੱਲ੍ਹ ਪਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਕੈਮਿਸਟ ਸਟੋਰ ਮਾਲਕ ਵੀ ਨਸ਼ਿਆਂ ਤੇ ਲਗਾਮ ਲਗਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਹ ਕਿਸੇ ਵੀ ਗ੍ਰਾਹਕ ਨੂੰ ਡਾਕਟਰ ਦੀ ਲਿਖੀ ਪਰਚੀ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀ ਕੋਈ ਦਵਾਈ ਨਾ ਵੇਚਣ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਗ੍ਰਾਹਕ ਨੂੰ ਜ਼ਰੂਰਤ ਤੋਂ ਜ਼ਿਆਦਾ ਸਰਿੰਜ਼ਾਂ ਨਾ ਵੇਚਣ ਕਿਉਂਕਿ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਵੱਲੋਂ ਸਰਿੰਜ਼ਾਂ ਦੇ ਨਾਲ ਨਸ਼ੇ ਕੀਤੇ ਜਾ ਰਹੇ ਹਨ। ਸਰਿੰਜ਼ਾਂ ਦੇ ਨਾਲ ਨਸ਼ੇ ਕਰਨ ਦੇ ਚੱਲਦੇ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।  ਮੀਟਿੰਗ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਨਦੀਪ ਕੌਸ਼ਲ ਨੇ ਪੁਲਿਸ ਨੂੰ ਵਿਸ਼ਵਾਸ ਦਿਵਾਇਆ ਕਿ ਮੈਡੀਕਲ ਸਟੋਰ ਵਾਲੇ ਦੁਕਾਨਦਾਰਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਪ੍ਰਸ਼ਾਸਨ ਦਾ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ। ਜੇਕਰ ਕੋਈ ਦੁਕਾਨਦਾਰ ਗ਼ਲਤ ਦਵਾਈ ਵੇਚਦਾ ਪਾਇਆ ਗਿਆ ਤਾਂ ਐਸੋਸੀਏਸ਼ਨ ਵੱਲੋਂ ਸਬੰਧਿਤ ਦੁਕਾਨਦਾਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਉਸਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸਰਬਜੀਤ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਸੰਜੀਵ ਬਾਂਸਲ, ਰਣਜੀਤ ਸਿੰਘ, ਪ੍ਰੇਮ ਕੁਮਾਰ, ਤਰਸੇਮ ਤਿਵਾੜੀ, ਜਸਵਿੰਦਰ ਸਿੰਘ, ਲਲਿਤ ਸ਼ਰਮਾ, ਜੋਗਿੰਦਰ ਸਿੰਘ, ਦਵਿੰਦਰ ਕਪਲਿਸ਼, ਰਾਜਵੀਰ ਸਿੰਘ, ਜਸਵਿੰਦਰ ਸਿੰਘ ਲਾਲੀ ਆਦਿ ਤੋਂ ਇਲਾਵਾ ਐਸੋਸੀਏਸ਼ਨ ਦੇ ਹੋਰ ਅਹੁੱਦੇਦਾਰ ਅਤੇ ਮੈਂਬਰ ਮੌਜੂਦ ਸਨ।