ਖੱਟੜਾ (ਖੰਨਾ), 10 ਮਾਰਚ
: ਸ. ਬਲਦੇਵ ਸਿੰਘ ਯਾਦਗਾਰੀ ਕਬੱਡੀ ਕੱਪ ਦੇ 8ਵੇਂ ਐਡੀਸ਼ਨ ਦੌਰਾਨ ਅੱਜ ਹੋਏ ਫਸਵੇਂ ਕਬੱਡੀ ਮੈਚਾਂ ਵਿੱਚ ਲਗਾਤਾਰ ਤਿੰਨ ਮੈਚ ਜਿੱਤ ਕੇ ਖ਼ਾਲਸਾ ਵਾਰੀਅਰਜ਼ ਕਬੱਡੀ ਕਲੱਬ ਖੱਟੜਾ ਦੀ ਟੀਮ ਨੇ 1 ਲੱਖ ਰੁਪਏ ਦੀ ਇਨਾਮੀ ਰਾਸ਼ੀ `ਤੇ ਕਬਜ਼ਾ ਕਰ ਲਿਆ। ਖ਼ਾਲਸਾ ਵਾਰੀਅਰਜ਼ ਕਬੱਡੀ ਕਲੱਬ ਖੱਟੜਾ ਨੇ ਫਾਈਨਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ, ਫ਼ਤਹਿਗੜ੍ਹ ਸਾਹਿਬ ਟੀਮ ਨੂੰ 24-22 ਨਾਲ ਹਰਾਇਆ। ਟੂਰਨਾਮੈਂਟ ਦੀ ਉਪ ਜੇਤੂ ਟੀਮ ਨੂੰ 75,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਨਿਭਾਈ।
ਹਰਮਨ ਖੱਟੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਕਰਵਾਏ ਗਏ 8ਵੇਂ ਸ. ਬਲਦੇਵ ਸਿੰਘ ਯਾਦਗਾਰੀ ਕਬੱਡੀ ਕੱਪ ਦਾ ਉਦਘਾਟਨ ਸ. ਰਣਬੀਰ ਸਿੰਘ ਖੱਟੜਾ, ਆਈ.ਪੀ.ਐਸ. ਡੀ.ਆਈ.ਜੀ. ਲੁਧਿਆਣਾ ਰੇਂਜ, ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਐਸ.ਐਸ.ਪੀ. ਖੰਨਾ ਨੇ ਕੀਤਾ। ਟੂਰਨਾਮੈਂਟ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੁਪਿੰਦਰ ਸਿੰਘ ਪਿੰਦੂ ਦਤਾਲ ਬੈਸਟ ਧਾਵੀ ਅਤੇ ਸੁਖਰਾਜ ਸਿੰਘ ਸੋਢੀ ਰਤਨਗੜ੍ਹੀਆ ਬੈਸਟ ਜਾਫੀ ਐਲਾਨੇ ਗਏ, ਜਿਨ੍ਹਾਂ ਨੂੰ 25-25 ਹਜ਼ਾਰ ਰੁਪਏ ਇਨਾਮ ਦੇ ਕੇ ਸਨਮਾਨਿਆ ਗਿਆ।
ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਬਹੁਤ ਹੀ ਫਸਵੇਂ ਰਹੇ। ਸੈਮੀਫਾਈਨਲ ਵਿਚ ਪੁੱਜੀਆਂ ਚਾਰ ਟੀਮਾਂ ਦੇ ਆਪਸੀ ਮੈਚਾਂ ਵਿੱਚ ਖਿਡਾਰੀਆਂ ਵਲੋਂ ਲਏ ਗਏ ਇਕ ਇਕ ਨੰਬਰ `ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਪਹਿਲੇ ਸੈਮੀ ਫਾਈਨਲ ਵਿੱਚ ਖ਼ਾਲਸਾ ਵਾਰੀਅਰਜ਼ ਕਬੱਡੀ ਅਕੈਡਮੀ ਖੱਟੜਾ ਨੇ ਆਜ਼ਾਦ ਕਬੱਡੀ ਕਲੱਬ (ਹਰਿਆਣਾ) ਹੁਸ਼ਿਆਰਪੁਰ ਨੂੰ 36-23 ਨਾਲ ਚਿੱਤ ਕਰ ਕੇ ਫਾਈਨਲ ਵਿੱਚ ਦਾਖਲਾ ਲਿਆ। ਦੂਜੇ ਸੈਮੀ ਫਾਈਨਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਕਬੱਡੀ ਅਕੈਡਮੀ ਨੇ ਮੀਰੀ-ਪੀਰੀ ਸ਼ਹਿਨਸ਼ਾਹ ਸਪੋਰਟਸ ਅਕੈਡਮੀ ਯੂ.ਕੇ. ਬਠਿੰਡਾ ਨੂੰ 32-31 ਨਾਲ ਹਰਾਇਆ ਅਤੇ ਫਾਈਨਲ ਵਿੱਚ ਪਹੁੰਚੀ ਜਦਕਿ ਕੁਆਰਟਰਫਾਈਨਲ ਦੇ ਮੈਚਾਂ ਵਿੱਚ ਸ਼ਹੀਦ ਭਾਈ ਬਚਿੱਤਰ ਸਿੰਘ ਕਬੱਡੀ ਕਲੱਬ ਘੱਗਾ, ਅਲੰਕਾਰ ਟੋਨੀ ਕਲੱਬ ਕੁੱਬੇ, ਮਾਤਾ ਨਸੀਬ ਕੌਰ ਕਬੱਡੀ ਅਕੈਡਮੀ ਫਰਵਾਹੀ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਦੀਆਂ ਟੀਮਾਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸ. ਦਲਮੇਘ ਸਿੰਘ ਖੱਟੜਾ ਨੇ ਆਖਿਆ ਕਿ ਉਹ ਪੰਜਾਬ ਦੀ ਜਵਾਨੀ ਨੂੰ ਕਬੱਡੀਆਂ ਤੇ ਘੋਲਾਂ ਆਦਿ ਖੇਡਾਂ ਦੇ ਪਿੜ ਵਿੱਚ ਖੇਡਦਿਆਂ ਅਤੇ ਤਕੜੇ ਜੁੱਸਿਆਂ ਦੇ ਘੋਲ ਹੁੰਦਿਆਂ ਵੇਖਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਨੌਜਵਾਨੀ ਨੂੰ ਸਹੀ ਰਸਤੇ ਪਾਉਣ ਲਈ ਹਰ ਵਸੀਲਾ ਵਰਤਣਗੇ। ਉਨ੍ਹਾਂ ਸਮੂਹ ਸਹਿਯੋਗੀਆਂ ਅਤੇ ਪਿੰਡ ਵਾਸੀਆਂ ਦਾ ਉਚੇਚੇ ਤੌਰ `ਤੇ ਧੰਨਵਾਦ ਵੀ ਕੀਤਾ।
ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਮੇਜਰ ਹਿੰਦੂਸਤਾਨੀ ਨੇ ਆਪਣੀ ਸਾਥੀ ਮਹਿਲਾ ਮੈਡਮ ਜੋਤੀ ਨਾਲ ਬੁਲੇਟ ਮੋਟਰਸਾਈਕਲ `ਤੇ ਸ਼ਾਨਦਾਰ ਕਰਤੱਬ ਵਿਖਾਏ। ਕਬੱਡੀ ਕੁਮੈਂਟੇਟਰ ਹਰਜੀਤ ਸਿੰਘ ਲੱਲਕਲਾਂ, ਬੱਬੂ ਖੰਨਾ ਅਤੇ ਹੈਰੀ ਬਨਭੌਰਾ ਨੇ ਸਾਰਾ ਦਿਨ ਮੈਚਾਂ ਅਤੇ ਖਿਡਾਰੀਆਂ ਦੀ ਆਪਣੇ ਅੰਦਾਜ਼ ਵਿੱਚ ਪੇਸ਼ਕਾਰੀ ਕਰਕੇ ਦਰਸ਼ਕਾਂ ਨਾਲ ਜਾਣ-ਪਛਾਣ ਕਰਵਾਈ ਅਤੇ ਆਪਣੇ ਸ਼ਬਦਾਂ ਨਾਲ ਮੈਚ ਵੇਖਣ ਆਏ ਲੋਕਾਂ ਨੂੰ ਕੀਲ ਕੇ ਰੱਖਿਆ।
ਕਬੱਡੀ ਦੇ ਇਸ ਮਹਾਂਕੁੰਭ ਦੇ 8ਵੇਂ ਐਡੀਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਸਾਬਕਾ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਸਾਬਕਾ ਵਿਧਾਇਕ ਸ. ਦੀਦਾਰ ਸਿੰਘ ਭੱਟੀ, ਡਾ. ਗੁਰਮੋਹਨ ਸਿੰਘ ਵਾਲੀਆ ਸਾਬਕਾ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਰਣਦੀਪ ਸਿੰਘ ਆਹਲੂਵਾਲੀਆ, ਸ. ਬਲਜਿੰਦਰ ਸਿੰਘ ਬਬਲੂ ਲੋਪੋ, ਸ. ਗੁਰਦੀਪ ਸਿੰਘ ਮਿੱਠੂ ਜਟਾਣਾ, ਸ. ਇੰਦਰਜੀਤ ਸਿੰਘ ਲੋਪੋ, ਕਬੱਡੀ ਕੋਚ ਸ. ਦਰਸ਼ਨ ਸਿੰਘ ਮਾਣਕੀ, ਮਹਿੰਦਰ ਸਿੰਘ ਬੈਨੀਪਾਲ ਸੇਵਾ ਮੁਕਤ ਆਈ.ਏ.ਐਸ., ਸ. ਬੂਟਾ ਸਿੰਘ ਸੇਵਾ ਮੁਕਤ ਆਈ.ਆਰ.ਐਸ., ਪ੍ਰਿੰਸੀਪਲ ਤਰਸੇਮ ਬਾਹੀਆ, ਕਬੱਡੀ ਪ੍ਰਬੰਧਕ ਸ. ਰਣਜੀਤ ਸਿੰਘ ਖੰਨਾ, ਸ. ਅਮਨਪ੍ਰੀਤ ਸਿੰਘ ਖੱਟੜਾ ਕੈਨੇਡਾ, ਗੁਰਵੀਰ ਸਿੰਘ ਪਨਾਗ, ਸ. ਮਨਸ਼ਾ ਸਿੰਘ ਕੋਚ, ਸ. ਜਗਦੀਪ ਸਿੰਘ ਸੁੱਖਾ, ਸਰਪੰਚ ਗੁਲਜ਼ਾਰ ਸਿੰਘ ਨਰਾਇਣਗੜ੍ਹ ਅਤੇ ਸ. ਸੁਰਜੀਤ ਸਿੰਘ ਛੋਟਾ ਖੰਨਾ ਆਦਿ ਹਾਜ਼ਰ ਸਨ।