Sunday, April 11, 2021

ਡੀ.ਸੀ. ਵੱਲੋਂ ਪੇਂਡੂ ਇਲਾਕਿਆਂ 'ਚ ਮੈਗਾ ਵੈਕਸੀਨੇਸ਼ਨ ਮੁਹਿੰਮ ਦਾ ਆਗਾਜ, ਪੰਜ ਕੈਂਪ ਵੀ ਕੀਤੇ ਸਮਰਪਿਤ








ਲੁਧਿਆਣਾ, 11 ਅਪ੍ਰੈਲ (ਪ੍ਰੈਸ ਨੋਟ ਲੋਕ ਸੰਪਰਕ ਲੁਧਿਆਣਾ) - ਜ਼ਿਲੇ ਵਿਚ ਕੋਵਿਡ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਦੋਰਾਹਾ, ਖੰਨਾ, ਸਮਰਾਲਾ, ਮਾਛੀਵਾੜਾ ਅਤੇ ਕੋਹਾੜਾ ਵਿਖੇ ਲੋਕਾਂ ਨੂੰ ਕੋਵਿਡ ਮੈਗਾ ਟੀਕਾਕਰਨ ਕੈਂਪ ਸਮਰਪਿਤ ਕੀਤੇ, ਤਾਂ ਜੋ ਪੇਂਡੂ ਇਲਾਕਿਆਂ ਵਿੱਚ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਵੈਕਸੀਨੇਸ਼ਨ ਮੁਹੱਈਆ ਕਰਵਾਈ ਜਾ ਸਕੇ।

ਇਸੇ ਤਰ੍ਹਾਂ ਜ਼ਿਲ੍ਹੇ ਦੇ ਸਾਰੇ 13 ਬਲਾਕਾਂ ਵਿੱਚ ਵੀ ਕੈਂਪ ਲਗਾਏ ਗਏ ਜਿਸ ਵਿੱਚ ਲੁਧਿਆਣਾ-1, ਲੁਧਿਆਣਾ-2, ਜਗਰਾਉਂ, ਸਮਰਾਲਾ, ਡੇਹਲੋਂ, ਮਲੌਦ, ਪੱਖੋਵਾਲ, ਸਿੱਧਵਾਂ ਬੇਟ, ਸੁਧਾਰ ਅਤੇ ਰਾਏਕੋਟ ਸ਼ਾਮਲ ਹਨ।

ਵਿਧਾਇਕ ਸ.ਗੁਰਕੀਰਤ ਸਿੰਘ ਕੋਟਲੀ ਅਤੇ ਵਿਧਾਇਕ ਸ.ਅਮਰੀਕ ਸਿੰਘ ਢਿੱਲੋਂ ਵੀ ਖੰਨਾ, ਸਮਰਾਲਾ ਅਤੇ ਮਾਛੀਵਾੜਾ ਦੇ ਕੈਂਪਾਂ ਵਿੱਚ ਸ਼ਾਮਲ ਹੋਏ।

ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਵਿਡ ਵੈਕਸੀਨ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ, ਇਸ ਲਈ ਲੋਕਾਂ ਨੂੰ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਦਿਲ ਦੀਆਂ ਗਹਿਰਾਈਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਵੇਂ ਮੋਟਰ ਸਾਈਕਲ ਸਵਾਰ ਨੂੰ ਹੈਲਮੈਟ ਸਿਰ ਦੀ ਸੱਟ ਤੋਂ ਬਚਾਉਂਦਾ ਹੈ, ਜੋ ਕਿ ਦੁਰਘਟਨਾਵਾਂ ਵਿੱਚ ਸਿਰ ਦੀ ਸੱਟ ਨੂੰ ਮੌਤ ਦਾ ਮੁੱਖ ਕਾਰਨ ਮੰਨਿਆਂ ਜਾਂਦਾ ਹੈ, ਇਸੇ ਤਰ੍ਹਾਂ ਟੀਕਾ ਬਿਮਾਰੀ ਦੀ ਗੰਭੀਰਤਾ ਤੋਂ ਬਚਾਉਂਦਾ ਹੈ, ਇਸ ਲਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਸਨੀਕ ਹੁਣ ਕੋਰੋਨਾਵਾਇਰਸ ਟੀਕਿਆਂ ਦੇ ਯੋਗ ਹੋ ਚੁੱਕੇ ਹਨ, ਪ੍ਰਸ਼ਾਸਨ ਪਹਿਲਾਂ ਹੀ ਮਿਸ਼ਨ 'ਤੇ ਹੈ ਅਤੇ ਲੋਕਾਂ ਨੂੰ ਕਵਚ ਪ੍ਰਾਪਤ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੀਕਾ ਮਾਰੂ ਬਿਮਾਰੀ ਦੀ ਇਸ ਤਾਜ਼ਾ ਲਹਿਰ ਨੂੰ ਦਬਾਉਣ ਲਈ ਮਹੱਤਵਪੂਰਣ ਹੈ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਇਤਾ ਕਰੇਗਾ।

ਟੀਕੇ ਬਾਰੇ ਅਫਵਾਹਾਂ ਨੂੰ ਦੂਰ ਕਰਨ ਲਈ, ਡਿਪਟੀ ਕਮਿਸ਼ਨਰ ਨੇ ਇੱਕ ਪਿੰਡ ਵਾਸੀ, ਤਿੰਨ ਠੱਗ ਅਤੇ ਬੱਕਰੀ ਦੀ ਕਹਾਣੀ ਵੀ ਸਾਂਝੀ ਕੀਤੀ ਜਿਸ ਬਾਰੇ ਉਨ੍ਹਾਂ ਦੱਸਿਆ ਕਿ ਇੱਕ ਪਿੰਡ ਵਾਸੀ ਆਪਣੇ ਮੇਮਣੇ ਨੂੰ ਆਪਣੇ ਮੋਢਿਆ 'ਤੇ ਚੁੱਕੀ ਜਾ ਰਿਹਾ ਸੀ ਤੇ ਤਿੰਨ ਠੱਗਾਂ ਵੱਲੋਂ ਉਹ ਮੇਮਣਾ ਖੋਹਣ ਦੀ ਸਾਜਿਸ਼ ਘੜੀ ਗਈ, ਪਹਿਲਾ ਵਿਅਕਤੀ ਉਸਨੂੰ ਮਿਲਦਾ ਹੈ ਤੇ ਕਹਿੰਦਾ ਹੈ ਕਿ ਆਹ ਕੁੱਤਾਂ ਮੋਢੇ 'ਤੇ ਕਿਉਂ ਚੁੱਕਿਆ ਹੈ, ਇਸੇ ਤਰ੍ਹਾਂ ਕੁੱਝ ਦੂਰੀ 'ਤੇ ਦੂਸਰਾ ਵਿਅਕਤੀ ਪੁੱਛਦਾ ਹੈ ਅਤੇ ਜਦੋਂ ਤੀਜੇ ਵਿਅਕਤੀ ਵੱਲੋਂ ਵੀ ਇਹੀ ਸਵਾਲ ਦੁਹਰਾਇਆ ਜਾਂਦਾ ਹੈ ਤਾਂ ਉਸਨੂੰ ਜਾਪਦਾ ਹੈ ਕਿ ਉਸਨੇ ਸੱਚਮੁਚ ਹੀ ਕੁੱਤਾ ਚੁੱਕਿਆ ਹੈ ਤੇ ਉਹ ਉਸ ਮੇਮਣੇ ਨੂੰ ਕੁੱਤਾ ਸਮਝ ਕੇ ਸੁੱਟ ਦਿੰਦਾ ਹੈ।

ਸਰਪੰਚਾਂ ਅਤੇ ਸਥਾਨਕ ਸੰਸਥਾਵਾਂ ਦੇ ਹੋਰ ਨੁਮਾਇੰਦਿਆਂ ਨੂੰ ਅਫਵਾਹਾਂ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ।

ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਨੇ ਕੋਰੋਨਾ ਮਹਾਂਮਾਰੀ ਦੀ ਲਾਗ ਅਤੇ ਵੈਕਸੀਨੇਸ਼ਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ।

ਇਸ ਮੌਕੇ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਵਜੋਂ ਡਿਪਟੀ ਕਮਿਸ਼ਨਰ ਨੇ ਹੋਰਨਾਂ ਪਤਵੰਤਿਆਂ ਦੇ ਨਾਲ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਲਈ ਤਾੜੀਆਂ ਮਾਰੀਆਂ ਅਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।

ਵਿਧਾਇਕ ਸ.ਗੁਰਕੀਰਤ ਸਿੰਘ ਕੋਟਲੀ ਅਤੇ ਵਿਧਾਇਕ ਸ.ਅਮਰੀਕ ਸਿੰਘ ਢਿੱਲੋਂ ਨੇ ਵੀ ਖੰਨਾ ਅਤੇ ਸਮਰਾਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਰਾਸ਼ਟਰੀ ਫਰਜ਼ ਹੈ ਅਤੇ ਲੋਕਾਂ ਨੂੰ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਟੀਕਾਕਰਨ ਕਰਵਾ ਕੇ ਨਿਭਾਉਣਾ ਚਾਹੀਦਾ ਹੈ।

ਇਸ ਮੌਕੇ ਐਸ.ਡੀ.ਐਮ. ਸਹਿਬਾਨ ਡਾ. ਬਲਜਿੰਦਰ ਸਿੰਘ ਢਿੱਲੋਂ, ਮਨਕੰਵਲ ਸਿੰਘ, ਗੀਤਿਕਾ ਸਿੰਘ, ਹਰਬੰਸ ਸਿੰਘ ਅਤੇ ਹੋਰ ਵੀ ਹਾਜ਼ਰ ਸਨ।