Sunday, August 22, 2021

ਵਿਧਾਇਕ ਢਿੱਲੋਂ, ਲੱਖਾ ਤੇ ਮੇਅਰ ਸੰਧੂ ਵੱਲੋਂ 200 ਕਿਉਸਿਕ ਨਹਿਰੀ ਪਾਣੀ ਬੁੱਢੇ ਨਾਲੇ 'ਚ ਛੱਡਣ ਦੇ ਪ੍ਰੋਜੈਕਟ ਦਾ ਕੀਤਾ ਉਦਘਾਟਨ





ਨੀਲੋਂ (ਲੁਧਿਆਣਾ), 22 ਅਗਸਤ (ਪ੍ਰੈਸ ਨੋਟ) - ਬੁੱਢੇ ਨਾਲੇ ਨੂੰ ਮੁੜ ਬੁੱਢੇ ਦਰਿਆ ਦਾ ਰੂਪ ਦੇਣ ਦੇ ਮੱਦੇਨਜ਼ਰ, ਵਿਧਾਇਕ ਸਮਰਾਲਾ ਸ. ਅਮਰੀਕ ਸਿੰਘ ਢਿੱਲੋਂ, ਵਿਧਾਇਕ ਪਾਇਲ ਲਖਬੀਰ ਸਿੰਘ ਲੱਖਾ ਅਤੇ ਲੁਧਿਆਣਾ ਦੇ ਮੇਅਰ ਸ. ਬਲਕਾਰ ਸਿੰਘ ਸੰਧੂ ਵੱਲੋਂ ਅੱਜ 9.80 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਿਸ ਦੇ ਤਹਿਤ ਰੋਜ਼ਾਨਾ 200 ਕਿਉਸਕ ਤਾਜ਼ਾ ਪਾਣੀ ਛੱਡਿਆ ਜਾਵੇਗਾ।


ਨੀਲੋਂ ਪਿੰਡ ਨੇੜੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਇਕਾਂ ਅਤੇ ਮੇਅਰ ਨੇ ਕਿਹਾ ਕਿ ਇਹ ਕੰਮ ਸਰਹਿੰਦ ਨਹਿਰ ਦੇ ਨੀਲੋ ਡਰੇਨ ਰਾਹੀਂ ਨਹਿਰੀ ਪਾਣੀ ਨੂੰ ਨਾਲੇ ਵਿੱਚ ਛੱਡ ਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ 650 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਹਿੱਸਾ ਹੈ।


ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਅਧੀਨ, ਕਾਰਜਕਾਰੀ ਏਜੰਸੀ ਜਲ ਸਰੋਤ ਵਿਭਾਗ ਨੇ ਸ਼ੀਟ ਪਾਇਲਿੰਗ ਤਕਨੀਕ ਦੀ ਵਰਤੋਂ ਕਰਦੇ ਹੋਏ, ਸਰਹਿੰਦ ਨਹਿਰ ਤੋਂ 200 ਕਿਉਕਿਸ ਪਾਣੀ ਲਿਜਾਣ ਲਈ ਇੱਕ ਏਸਕੇਪ ਰੈਗੂਲੇਟਰ ਦਾ ਨਿਰਮਾਣੈ, ਚਾਰ ਪਿੰਡਾਂ ਦੀਆਂ ਸੜਕਾਂ ਦੇ ਪੁਲ, ਪੰਜ ਖੇਤ ਮਾਰਗ, ਦੋ ਡਿੱਗੀਆਂ ਦੀ ਮੁਰੰਮਤ ਅਤੇ ਪਰਤ, ਤਿੰਨ ਪਿੰਡਾਂ ਦੀ ਸੜ੍ਹਕ 'ਤੇ ਪੁਲਾਂ ਦੀ ਮੁਰੰਮਤ ਅਤੇ ਨੀਲੋਂ ਨਹਿਰ ਦੀ ਸਫਾਈ ਦਾ ਕੰਮ ਅੱਠ ਮਹੀਨਿਆਂ ਦੇ ਰਿਕਾਰਡ ਸਮੇਂ ਦੇ ਅੰਦਰ ਮੁਕੰਮਲ ਹੋ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਨਗਰ ਨਿਗਮ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੁਆਰਾ ਫੰਡ ਦਿੱਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁੱਢੇ ਦਰਿਆ ਨੂੰ ਮੂਲ ਰੂਪ ਦੇਣ ਅਤੇ ਇਸ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇਹ ਇਸ ਵਿਸ਼ਾਲ ਕਾਰਜ ਦੀ ਸਿਰਫ ਸ਼ੁਰੂਆਤ ਹੈ ਜੋ ਡਰੇਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਦਾ ਸਫਾਇਆ ਕਰਨ ਵਿੱਚ ਸਹਾਈ ਸਿੱਧ ਹੋਵੇਗੀ।


ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਨਗਰ ਨਿਗਮ ਹਦੂਦ ਵਿੱਚੋਂ ਲੰਘਦੇ 14 ਕਿਲੋਮੀਟਰ ਲੰਬੇ ਬੁੱਢੇ ਨਾਲੇ ਵਿੱਚ ਘਰੇਲੂ ਪਾਣੀ ਦੇ ਡਿੱਗਣ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਸਿਰਫ ਸ਼ੁੱਧ ਕੀਤਾ ਪਾਣੀ ਹੀ ਦਰਿਆ ਵਿੱਚ ਪਾਇਆ ਜਾਵੇਗਾ।


ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਕੁੱਲ ਸਮਰੱਥਾ 285 ਐਮ.ਐਲ.ਡੀ. (ਜਮਾਲਪੁਰ 225 ਐਮ.ਐਲ.ਡੀ. ਅਤੇ ਬਾਲੋਕੇ 60 ਐਮ.ਐਲ.ਡੀ.) ਦੇ ਘਰੇਲੂ ਪਾਣੀ ਨੂੰ ਸਾਫ ਕਰਨ ਲਈ ਦੋ ਨਵੇਂ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਦੀ ਸਥਾਪਨਾ, 418 ਐਮ.ਐਲ.ਡੀ. ਦੀ ਟ੍ਰੀਟਮੈਂਟ ਸਮਰੱਥਾ ਵਾਲੇ ਮੌਜੂਦਾ ਐਸ.ਟੀ.ਪੀ. ਦਾ ਮੁੜ ਵਸੇਬਾ, ਤਾਜ਼ਪੁਰ ਅਤੇ ਹੈਬੋਵਾਲ ਦੇ ਦੋ ਡੇਅਰੀ ਕੰਪਲੈਕਸ ਤੋਂ 6 ਐਮ.ਐਲ.ਡੀ. ਗੰਦੇ ਪਾਣੀ ਨੂੰ ਸ਼ੁੱਧ ਕਰਨ ਲਈ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.), 10 ਕਿਲੋਮੀਟਰ ਪਾਈਪ ਲਾਈਨ ਵਿਛਾਉਣ ਅਤੇ 10 ਸਾਲਾਂ ਲਈ ਪੂਰੇ ਬੁਨਿਆਦੀ ਢਾਂਚੇ ਦੇ ਸੰਚਾਲਨ ਅਤੇ ਸਾਂਭ-ਸੰਭਾਲ ਸ਼ਮਾਲ ਹਨ।

 

ਇਸ ਮੌਕੇ ਪ੍ਰਮੁੱਖ ਤੌਰ 'ਤੇ ਮੈਂਬਰ ਸਕੱਤਰ ਪੀ.ਪੀ.ਸੀ.ਬੀ. ਸ੍ਰੀ ਕਰੁਣੇਸ਼ ਗਰਗ, ਐਸ.ਡੀ.ਐਮ. ਸਮਰਾਲਾ ਸ. ਵਿਕਰਮਜੀਤ ਸਿੰਘ ਪਾਂਥੇ, ਚੀਫ ਇੰਜੀਨੀਅਰ ਡਰੇਨੇਜ ਸ.ਬਰਿੰਦਰਪਾਲ ਸਿੰਘ, ਚੀਫ ਇੰਜੀਨੀਅਰ ਨਹਿਰੀ ਸ੍ਰੀ ਸੰਜੀਵ ਗੁਪਤਾ, ਐਸ.ਈ. ਡਰੇਨੇਜ ਸਰਕਲ ਫਿਰੋਜ਼ਪੁਰ ਸ.ਸ਼ੇਰ ਸਿੰਘ, ਐਸ.ਈ. ਸਰਹਿੰਦ ਨਹਿਰ ਸ.ਜਸਿੰਦਰ ਸਿੰਘ ਭੰਡਾਰੀ, ਲੁਧਿਆਣਾ ਨਿਗਮ ਕੌਂਸਲਰ ਸ. ਦਿਲਰਾਜ ਸਿੰਘ, ਸ੍ਰੀ ਮਹਾਰਾਜ ਸਿੰਘ ਰਾਜੀ, ਕਾਰਜਕਾਰੀ ਇੰਜੀਨੀਅਰ ਸ. ਹਰਜੋਤ ਸਿੰਘ ਵਾਲੀਆ, ਸ. ਗੁਰਪ੍ਰੀਤ ਪਾਲ ਸਿੰਘ ਸੰਧੂ, ਐਸ.ਡੀ.ਓ ਸ੍ਰੀ ਰਾਕੇਸ਼ ਕੁਮਾਰ, ਐਸ.ਡੀ.ਓ ਸ੍ਰੀ ਮਨੀਸ਼ ਬੱਤਰਾ ਅਤੇ ਐਸ.ਡੀ.ਓ ਸ.ਰਵਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।