Monday, August 23, 2021

ਗੁਲਜ਼ਾਰ ਗਰੁੱਪ ਵਿਚ ਮਨਾਇਆ ਗਿਆ ਚੌਹਤਰਵਾਂ ਸੁਤੰਤਰਤਾ ਦਿਵਸ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ  ਵਿਚ ਚੌਹਤਰਵਾਂ  ਸੁਤੰਤਰਤਾ ਦਿਵਸ ਦਾ ਦਿਨ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਇਸ ਮੌਕੇ ਤੇ ਐਨ ਸੀ ਸੀ ੧੯ ਪੰਜਾਬ ਦੇ ਐਡਮਿਨ ਅਫਸਰ ਕਰਨਲ ਕੇ ਐੱਸ ਕੌਂਡਲ ਮੁੱਖ ਮਹਿਮਾਨ ਵਜੋਂ ਸਮਾਰੋਹ ਵਿਚ ਸ਼ਾਮਿਲ ਹੋਏ, ਜਿਨਾਂ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।  ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਗਾ ਕੇ  ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿਤਾ।
ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਇਨ੍ਹਾਂ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਦਿੰਦੇ ਗੁਰਕੀਰਤ ਸਿੰਘ ਨੇ  ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੇਸ਼ ਭਗਤਾਂ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਉਸ ਦੇ ਸਵੈਮਾਨ ਲਈ ਆਪਣੀ ਜਾਨ ਗਵਾਉਣ ਲਈ ਇਕ ਪਲ ਵੀ ਨਹੀ ਸੋਚਿਆ । ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਲਈ ਇਸ ਆਜ਼ਾਦੀ ਦਾ ਮੁੱਲ ਪੂਰੀ ਸਮਝਣਾ ਮੁਸ਼ਕਿਲ ਹੋਵੇਗਾ ਕਿਉਂਕਿ ਅਸੀ ਸ਼ਾਇਦ ਗੁਲਾਮੀ ਦਾ ਅਰਥ ਪੂਰੀ ਤਰਾਂ ਨਹੀ ਸਮਝਦੇ ਹਾਂ ਪਰ ਆਜ਼ਾਦ ਦੇਸ਼ ਦੀ ਤਰੱਕੀ ਲਈ ਸਾਨੂੰ ਸਦਾ ਉਨ੍ਹਾਂ ਦੇਸ਼ ਦੇ ਮਹਾਨ ਸਪੂਤਾਂ ਦੇ ਕਦਮਾਂ ਤੇ ਚਲਣਾ ਜ਼ਰੂਰੀ ਹੈ ।
ਕਰਨਲ ਕੌਂਡਲ ਨੇ  ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਪਰ ਅੱਜ ਸਾਡੇ ਸੂਬੇ ਦੇ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਉਹ ਅੱਗੇ ਆਉਣ ।
ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੇ ਇਕ ਸਹੁੰ ਚੁੱਕੀ ਕਿ ਉਹ ਆਪਣੀ ਵਿਦਿਆ ਨੂੰ ਦੇਸ਼ ਦੀ ਤਰੱਕੀ ਲਈ ਅੱਗੇ ਲੈ ਕੇ ਆਉਣਗੇ । ਕਾਲਜ ਸਮੂਹ ਵਿਦਿਆਰਥੀ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆਏ ਜਦ ਕਿ ਕੁੱਝ ਵਿਦਿਆਰਥੀਆਂ ਨੇ ਤਾਂ ਆਪਣੇ ਮੂੰਹ ਤੇ ਰੰਗਾਂ ਨਾਲ ਤਿਰੰਗੇ ਬਣਾਏ ਹੋਏ ਸਨ । ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।