Tuesday, April 7, 2015

ਜਦੋਂ ਐਮ.ਐਲ.ਏ. ਗੁਰਕੀਰਤ, ਪ੍ਰਧਾਨ ਵਿਕਾਸ ਮਹਿਤਾ ਪੌੜੀ ਚੜ੍ਹੇ


ਖੰਨਾ ਸ਼ਹਿਰ ਵਿੱਚ ਅੱਜ-ਕੱਲ੍ਹ ਅਨੋਖੀਆਂ ਘਟਨਾਵਾਂ ਹੋ ਰਹੀਆਂ ਹਨ ਅਜੋਕੀ ਸੱਚੀ ਅਨੋਖੀ ਘਟਨਾ ਜਿਸਦੀ ਚਿਰਾਂ ਤੋਂ ਸ਼ਹਿਰ ਨੂੰ ਲੋੜ ਸੀ, ਅੱਜ ਦਾ ਦਿਨ ਇਸ ਘਟਨਾ ਲਈ ਸੀ, ਇਹ ਲੋਕਾਂ ਨੂੰ ਲੱਗਿਆ । ਪਾਠਕ ਹੈਰਾਨ ਹੋਣਗੇ ਕਿ ਫਿਰਤੂ ਕਿਸ ਘਟਨਾ ਬਾਰੇ ਜ਼ਿਕਰ ਕਰ ਰਿਹਾ ਹੈ, ਅੱਜ ਖੰਨਾ ਵਿੱਚ ਸਫਾਈ ਮੁਹਿੰਮ ਸੱਤ ਅਪ੍ਰੈਲ ਸਵੇਰੇ ਸਾਢੇ ਸੱਤ ਵਜੇ ਤੋਂ ਲਲਹੇਰੀ ਰੋਡ ਚੋਕ ਵਿੱਚ ਸ਼ੁਰੂ ਹੋਈ ਦੱਸੀ ਜਾਂਦੀ ਹੈ । ਇਸ ਘਟਨਾ ਨੂੰ ਨਿਹਾਰਨ ਲਈ ਫਿਰਤੂ ਸਮੇਤ ਕਈ ਖੰਨਾ ਸਫਾਈ ਪਸੰਦ ਕਮੇਟੀ ਦੇ ਮੈਂਬਰਾਂ ਅਤੇ ਹੋਰ ਨਾਗਰਿਕਾਂ ਦੀਆਂ ਅੱਖਾਂ ਤਰਸ ਗਈਆਂ ਸਨ । ਖੰਨਾ ਸ਼ਹਿਰ ਦੀ ਨਗਰਕੌਂਸਲ ਰਾਜਨੀਤੀ ਵਿੱਚ ਨਵੇਂ ਫੁੱਲ ਉਗੇ ਹਨ । ਵਿਕਾਸ ਮਹਿਤਾ ਪ੍ਰਧਾਨ ਅਤੇ ਵਿਜੇ ਸ਼ਰਮਾ ਵਾਇਸ ਪ੍ਰਧਾਨ ਬਣੇ ਹਨ । ਸ. ਗੁਰਕੀਰਤ ਸਿੰਘ ਕੋਟਲੀ ਐਮ.ਐਲ.ਏ. ਵਿੱਚ ਵੀ ਕੁਝ ਕਰ ਗੁਜਰਨ ਦੀ ਇੱਛਾ ਇਸ ਬਦਲਾਵ ਰਾਜਨੀਤੀ ਕਾਰਨ ਜਾਗੀ ਹੈ । ਅੱਜ ਸਫਾਈ ਮੁਹਿੰਮ ਵਿੱਚ ਸ. ਕੋਟਲੀ, ਵਿਕਾਸ ਮਹਿਤਾ, ਵਿਜੇ ਸ਼ਰਮਾ, ਅਸ਼ੋਕ ਤਿਵਾੜੀ, ਜਸਵੀਰ ਜੱਸੀ ਅਤੇ ਸ਼ਾਮ ਮਲਹੋਤਰਾ (ਐਮ.ਸੀ.), ਸ. ਅਮਰ ਸਿੰਘ, ਡਾ. ਗੁਰਮੁਖ ਸਿੰਘ, ਸ. ਕਨੇਚ, ਜਤਿੰਦਰ ਪਾਠਕ, ਨਵਦੀਪ ਸ਼ਰਮਾ, ਸ. ਗੋਗੀਆ, ਚਰਨਜੀਤ ਸਿੰਘ ਉਭੀ (ਕਾਰਜ ਸਾਧਕ ਅਫਸਰ), ਪੰਕਜ ਸ਼ੋਰੀ (ਸੈਨੇਟਰੀ ਇੰਸਪੈਕਟਰ), ਸ਼੍ਰੀ ਸੰਜੇ ਸਾਹਨੇਵਾਲੀਆਂ, ਸ਼ਿਵ ਨਾਥ ਕਾਲਾ, ਅਮਨ ਕਟਾਰੀਆ (ਵਾਰਡ ਇੰਚਾਰਜ) ਆਦਿ ਵੀ ਹਾਜ਼ਰ ਸਨ । ਫਿਰਤੂ ਨੂੰ ਆਸ ਸੀ ਕਿ ਇਸ ਸਫਾਈ ਮੁਹਿੰਮ ਵਿੱਚ ਰਾਜਨੀਤੀ ਤੋਂ ਉੱਪਰ ਉਠ ਕੇ ਸਮੇਤ ਕਈ ਸਮਾਜਸੇਵੀ ਸੰਸਥਾਵਾਂ ਦੇ ਲੋਕ ਹਾਜ਼ਰ ਹੁੰਦੇ । ਖੰਨਾ ਸ਼ਹਿਰ ਸਾਫ ਅਤੇ ਗ੍ਰੀਨ ਹੋਵੇ ਹਰੇਕ ਨਾਗਰਿਕ ਦੀ ਇਹ ਇੱਛਾ ਹੈ, ਚਲੋ ਕੋਈ ਗੱਲ ਨਹੀਂ । ਬੜਾ ਚੰਗਾ ਲੱਗਾ ਜਦੋਂ ਸ਼ਹਿਰ ਦੇ ਯੁਵਾ ਨੇਤਾ ਸ. ਗੁਰਕੀਰਤ ਸਿੰਘ ਕੋਟਲੀ ਐਮ.ਐਲ.ਏ. ਅਤੇ ਵਿਕਾਸ ਮਹਿਤਾ ਪ੍ਰਧਾਨ ਜਦੋਂ ਖੁਦ ਪੌੜੀ ਚੜ੍ਹ ਦੀਵਾਰਾਂ ਤੋਂ ਲੱਗੇ ਇਸ਼ਤਿਹਾਰ ਆਪ ਉਤਾਰ ਰਹੇ ਸਨ । ਲੀਡਰ ਸਹਿਬਾਨ ਤੁਸੀਂ ਅੱਜ ਦੇ ਦਿਨ ਸ਼ੁਭ ਕੰੰਮ ਸ਼ੁਰੂ ਕਰ ਲੋਕਪ੍ਰੀਅਤਾ ਦੀ ਪੌੜੀ ਚੜ੍ਹੇ ਹੋ, ਵਧਾਈ, ਪਰ ਦੇਖ ਲੈਣਾ ਕਿ ਇਹ ਸਫਾਈ ਮੁਹਿੰਮ ਇੱਥੇ ਹੀ ਫੋਟੋਆਂ ਲਵਾ, ਖਬਰਾਂ ਲਵਾ, ਠੁਸ ਨਾ ਹੋ ਜਾਵੇ ਅਤੇ ਬਾਕੀ ਸਮਾਂ ਕੋਈ ਨਜ਼ਰ ਹੀ ਨਾ ਆਵੇ । ਜੇ ਇਹ ਸਫਾਈ ਗੱਡੀ ਰੁਕ ਗਈ, ਯਾਦ ਰੱਖਿਓ ਮੇਰੇ ਲੀਡਰੋ, ਨਵੇਂ ਭਾਰਤ ਦੀ  ਨਵੇਂ ਆਮ ਆਦਮੀਆਂ ਦੀ ਜੰਤਾ ਲੋਕਪ੍ਰੀਅਤਾ ਦੀ ਪੌੜੀ ਖਿੱਚ, ਧੜਾਮ ਸੁੱਟਣ ਨੂੰ ਵੀ ਦੇਰ ਨਹੀਂ ਲਾਉਂਦੀ । ਸਾਨੂੰ ਆਸ, ਗੁਰਕੀਰਤ, ਵਿਕਾਸ, ਵਿਜੇ ਅਤੇ ਹੋਰਾਂ ਦੀ ਗੱਡੀ ਹੌਲੀ ਹੀ ਸਹੀ, ਖੰਨਾ ਸ਼ਹਿਰ ਨੂੰ ਵਿਕਾਸ ਦੇ ਰਸਤੇ 'ਤੇ ਚਲਾਉਂਦੀ ਰਹੇਗੀ ।