.

Thursday, October 1, 2015

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਤੋਂ ਪੰਜਾਬ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਉਦਘਾਟਨ

ਖੰਨਾ, 1 ਅਕਤੂਬਰ
-ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਤੋਂ ਪੰਜਾਬ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਉਦਘਾਟਨ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਪੰਜਾਬ ਵਿੱਚ ਝੋਨੇ ਦੀ ਖ੍ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਅੱਜ ਤੋਂ ਰਾਜ ਦੀਆਂ ਮੰਡੀਆਂ 'ਚ ਸਰਕਾਰੀ ਖਰੀਦ ਏਜੰਸੀਆਂ ਵੱਲੋ ਝੋਨੇ ਦੀ ਖ੍ਰੀਦ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਉਨ੍ਹਾਂ ਨਾਲ ਹਲਕਾ ਖੰਨਾ ਦੇ ਅਕਾਲੀ ਇੰਚਾਰਜ ਜਥੇ: 
ਰਣਜੀਤ ਸਿੰਘ ਤਲਵੰਡੀ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਪ੍ਰੋ: ਗੁਰਬਖਸ਼ ਸਿੰਘ ਬੀਜਾ, ਉਪ ਚੇਅਰਮੈਨ ਡਾ: ਅਸ਼ਵਨੀ ਬਾਂਸਲ ਅਤੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਸ: ਇਕਬਾਲ ਸਿੰਘ ਚੰਨੀ ਵੀ ਸਨ | ਸ: ਬੀਜਾ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਵਿਚ 1819 ਮੰਡੀਆਂ ਵਿਚ ਝੋਨੇ ਦੀ ਖ੍ਰੀਦ ਕੀਤੀ ਜਾ ਰਹੀ ਹੈ | ਜਿਨ੍ਹਾਂ ਵਿੱਚ 150 ਮੁੱਖ ਯਾਰਡ, 277 ਸਬ ਯਾਰਡ ਤੇ 1392 ਖਰੀਦ ਕੇਂਦਰ ਬਣਾਏ ਗਏ ਹਨ | ਪੂਰੇ ਪੰਜਾਬ ਵਿੱਚ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਲਈ 5 ਕਿਲੋ ਮੀਟਰ ਤੋ ਦੂਰ ਨਾ ਜਾਣਾ ਪਵੇ | ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਮੰਡੀ ਵਿੱਚ ਕਿਸੇ ਕਿਸਾਨ ਜਾਂ ਆੜ੍ਹਤੀਏ ਨੂੰ ਮੁਸ਼ਕਿਲ ਨਾ ਆਵੇ | ਜੇਕਰ ਕਿਸੇ ਅਧਿਕਾਰੀ ਅਣਗਹਿਲੀ ਕੀਤੀ ਗਈ ਤਾਂ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਰਾਜ ਦੀਆਂ ਮੰਡੀਆਂ ਵਿੱਚ 158.50 ਲੱਖ ਟਨ ਝੋਨੇ ਦੀ ਆਮਦ ਸੀ | ਇਸ ਸਾਲ ਇਹ ਇਸ ਤੋਂ ਵਧਣ ਦੇ ਆਸਾਰ ਹਨ | ਅੱਜ ਖੰਨਾ ਮੰਡੀ ਵਿਚ ਕੁੱਲ 7200 ਕੁਇੰਟਲ ਝੋਨੇ ਦੀ ਖ਼ਰੀਦ ਹੋਈ | ਜਿਸ ਵਿਚੋਂ 7 ਹਜ਼ਾਰ ਕੁਇੰਟਲ ਪਰਮਲ ਤੇ 500 ਕੁਇੰਟਲ 1509 ਕਿਸਮ ਦਾ ਬਾਸਮਤੀ ਝੋਨਾ ਸੀ | ਅੱਜ ਮੰਡੀ ਵਿਚੋਂ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਪਨਗ੍ਰੇਨ ਨੇ 1500, ਮਾਰਕਫੈਡ ਨੇ 1700, ਪਨਸਪ ਨੇ 1200, ਵੇਅਰਹਾਊਸ ਨੇ 700, ਪੰਜਾਬ ਐਗਰੋ ਨੇ 1600 ਅਤੇ ਨਿੱਜੀ ਵਪਾਰੀਆਂ ਨੇ 500 ਕੁਇੰਟਲ ਝੋਨਾ ਖਰੀਦਿਆ | ਅੱਜ ਝੋਨਾ 1450 ਤੋਂ 1455 ਰੁਪਏ ਪ੍ਰਤੀ ਵਿਕਿਆ | ਹਲਕਾ ਇੰਚਾਰਜ ਸ: ਰਣਜੀਤ ਸਿੰਘ ਤਲਵੰਡੀ ਅਤੇ ਚੇਅਰਮੈਨ ਪ੍ਰੋ: ਗੁਰਬਖਸ਼ ਸਿੰਘ ਬੀਜਾ ਨੇ ਕਿਹਾ ਕਿ ਕਿਸਾਨਾਂ ਜਾਂ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰਨ | ਇਸ ਮੌਕੇ ਹਰਪ੍ਰੀਤ ਸਿੰਘ ਸਿੱਧੂ ਡੀ.ਜੀ.ਐਮ. ਲੁਧਿਆਣਾ, ਨਰਿੰਦਰਪਾਲ ਸਿੰਘ ਟਿਵਾਣਾ ਜਿਲ੍ਹਾ ਮੰਡੀ ਅਫਸਰ , ਅਸ਼ਵਨੀ ਮੋਦਗਿਲ ਸਕੱਤਰ ਮਾਰਕਿਟ ਕਮੇਟੀ ਖੰਨਾ, ਸੁਖਵਿੰਦਰ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ, ਹਰਬੰਸ ਸਿੰਘ ਰੋਸ਼ਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਖੰਨਾ, ਆੜ੍ਹਤੀ ਆਗੂ ਕਮਲਜੀਤ ਸਿੰਘ ਕੰਮਾ ਗਿੱਲ ਅਦਿ ਹਾਜ਼ਰ ਸਨ |