.

Friday, March 23, 2018

ਫ਼ਸਲ ਦੇ ਖੇਤਾਂ 'ਚ ਡਿੱਗ ਜਾਣ ਦੀ ਖ਼ਬਰ

ਸਮਰਾਲਾ, 22 ਮਾਰਚ  ਆਈ ਤੇਜ਼ ਬਾਰਿਸ਼ ਤੇ ਕਈ ਥਾਵਾਂ 'ਤੇ ਹੋਈ ਗੜੇਮਾਰੀ ਨਾਲ ਕਣਕ ਤੇ ਸਰੋਂ੍ਹ ਦੀ ਫ਼ਸਲ ਦੇ ਖੇਤਾਂ 'ਚ ਡਿੱਗ ਜਾਣ ਦੀ ਖ਼ਬਰ ਹੈ | ਸਮਰਾਲਾ ਦੇ ਨਾਲ ਲੱਗਦੇ ਪਿੰਡਾਂ ਉਟਾਲਾਂ, ਮਾਣਕੀ, ਬਘੌਰ ਤੇ ਸਲੌਦੀ ਵਿਚ ਬੀਤੀ ਰਾਤ ਆਈ ਤੇਜ਼ ਬਾਰਿਸ਼ ਤੇ ਗੜੇਮਾਰੀ ਨਾਲ ਕਈ ਥਾਵਾਂ 'ਤੇ ਕਣਕ ਦੀ ਫ਼ਸਲ ਡਿੱਗ ਗਈ ਪਰ ਖੇਤੀਬਾੜੀ ਵਿਭਾਗ ਦੇ ਅਫ਼ਸਰ ਡਾ. ਰੰਗੀਲ ਸਿੰਘ ਮੁਤਾਬਿਕ ਇਸ ਮੀਂਹ ਤੇ ਮਾਮੂਲੀ ਗੜੇਮਾਰੀ ਨਾਲ ਕਿਸੇ ਵੀ ਫ਼ਸਲ ਨੂੰ ਕੋਈ ਵੀ ਨੁਕਸਾਨ ਨਹੀਂ ਪੁੱਜਾ ਤੇ ਨਾ ਹੀ ਇਸ ਦੇ ਨਾਲ ਕਿਸੇ ਵੀ ਫ਼ਸਲ ਦੇ ਝਾੜ 'ਤੇ ਕੋਈ ਅਸਰ ਪਵੇਗਾ | ਪੂਰੇ ਇਲਾਕੇ ਵਿਚ ਆਲੂਆਂ ਦੀ ਪੁਟਾਈ ਕਰ ਰਹੇ ਕਿਸਾਨਾਂ ਦੀ ਪੁਟਾਈ ਮੀਂਹ ਨਾਲ ਪ੍ਰਭਾਵਿਤ ਜ਼ਰੂਰ ਹੋਈ ਹੈ, ਪਰ ਮੀਂਹ ਘੱਟ ਹੋਣ ਕਰਕੇ ਇਹ ਪੁਟਾਈ ਆਉਣ ਵਾਲੇ ਦਿਨਾਂ 'ਚ ਮੁੜ ਸ਼ੁਰੂ ਹੋ ਜਾਵੇਗੀ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਖੇਤਾਂ ਵਿਚ ਸਟੋਰ ਕੀਤੇ ਆਲੂਆਂ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਕਿਸਾਨਾਂ ਨੂੰ ਤਰਪਾਲਾਂ ਦਾ ਬੰਦੋਬਸਤ ਕਰਨਾ ਪਿਆ | ਜੇਕਰ ਆਉਣ ਵਾਲੇ ਦਿਨਾਂ 'ਚ ਮੌਸਮ ਖ਼ੁਸ਼ਕ ਰਿਹਾ ਤਾਂ ਜਲਦੀ ਹੀ ਹਾਲਾਤ ਆਮ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਸਕਦੀ ਹੈ |