Monday, June 18, 2018

ਸੂਬਾ ਪੱਧਰੀ ਮੀਟਿੰਗ 19 ਜੂਨ ਨੂੰ

ਪੰਜਾਬ ਤੋਂ ਬਾਹਰ ਜਾਣ ਵਾਲੀਆਂ ਪਰਮਿਟ ਗੱਡੀਆਂ ਤੇ ਹੁਣ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਟੇਟ ਟੈਕਸ ਕਈ ਗੁਣਾ ਵਧਾ ਦਿੱਤੇ ਗਏ ਹਨ। ਜਿਸ ਕਾਰਨ ਟੈਕਸੀ ਚਲਾਉਣ ਵਾਲਿਆਂ ਵਿੱਚ ਵੱਡੀ ਨਿਰਾਸ਼ਾ ਫ਼ੈਲ ਗਈ ਹੈ। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਟੈਕਸ 'ਚ ਕੀਤੇ ਗਏ 10 ਗੁਣਾ ਵਾਧੇ ਦੇ ਕਾਰਨ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਅਤੇ ਪੰਜਾਬ ਪੱਧਰੀ ਟੈਕਸੀ ਯੂਨੀਅਨਾਂ ਵੱਲੋਂ 19 ਜੂਨ ਨੂੰ ਖੰਨਾ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ 'ਚ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਨਰਾਇਣ ਸਿੰਘ ਮਾਨ ਅਤੇ ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਟੈਕਸ ਦੇ ਵਾਧੇ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ, ਜਿਸਨੂੰ ਦੇਖਦਿਆਂ ਪਿੱਛੇ ਹਰਿਆਣਾ ਅਤੇ ਹੁਣ ਹਿਮਾਚਲ ਪ੍ਰਦੇਸ਼ ਸਰਕਾਰਾਂ ਨੇ ਸਟੇਟ ਟੈਕਸਾਂ ਵਿੱਚ 10 ਗੁਣਾ ਵਾਧਾ ਕਰ ਦਿੱਤਾ ਹੈ, ਜਿਵੇਂ ਕਿ ਪਹਿਲਾਂ ਹਰਿਆਣਾ ਸਰਕਾਰ ਕਾਰ ਦਾ ਤਿੰਨ ਮਹੀਨੇ ਦਾ ਸਟੇਟ ਟੈਕਸ 900 ਰੁਪਏ ਵਸੂਲਦੀ ਸੀ, ਪਰ ਹੁਣ ਉਸ 'ਚ ਭਾਰੀ ਵਾਧਾ ਕਰਕੇ 9 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਟੈਂਪੂ ਟਰੈਵਲ ਦਾ ਸਟੇਟ ਟੈਕਸ 2300 ਤੋਂ ਵਧਾ ਕੇ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਉਪਰੋਕਤ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਅਥਾਂਹ ਵਾਧੇ ਦੇ ਵਿਰੋਧ ਵਿੱਚ ਕੱਲ੍ਹ 19 ਜੂਨ ਨੂੰ ਪੰਜਾਬ ਪੱਧਰ ਦੀਆਂ ਤਿੰਨ ਜੱਥੇਬੰਦੀਆਂ ਅਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਅਪਰੇਟਰ ਯੂਨੀਅਨ ਅਤੇ ਯੂਨਾਈਟਿਡ ਡਰਾਈਵਰ ਯੂਨੀਅਨ ਦੀ ਸਾਂਝੀ ਇਕੱਤਰਤਾ ਖੰਨਾ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕੀਤੀ ਜਾਵੇਗੀ। ਜਿਸ ਵਿੱਚ ਉਪਰੋਕਤ ਸਰਕਾਰਾਂ ਵੱਲੋਂ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ ਅਤੇ ਇਹ ਵਾਧਾ ਵਾਪਸ ਨਾ ਲੈਣ ਦੀ ਸੂਰਤ ਵਿੱਚ ਪੰਜਾਬ ਦੀਆਂ ਸਮੂਹ ਟੈਕਸੀ ਯੂਨੀਅਨਾਂ ਵੱਲੋਂ ਅਗਲੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਲੋਕ ਚਰਚੇ ਲੱਗੇ ਰਹੋ