Monday, January 21, 2019

ਪੰਜਾਬ ਸਰਕਾਰ ਪੇਂਡੂ ਖੇਡਾਂ ਚ ਬੈਲ ਗੱਡੀਆਂ ਭਜਾਉਣ ਤੋਂ ਪਾਬੰਦੀ ਹਟਾਵੇ: ਪ੍ਰੋ:ਗੁਰਭਜਨ ਗਿੱਲ



ਲੁਧਿਆਣਾ :
ਪੰਜਾਬ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਤੇ ਕਿਲ੍ਹਾ ਰਾਇਪੁਰ ਖੇਡਾਂ ਦੇ ਸਲਾਹਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੌਮੀ ਪੱਧਰ ਤੇ ਪਸ਼ੂਆਂ ਕੇ ਜ਼ੁਲਮ ਦੇ ਬਹਾਨੇ ਨਾਲ ਵਿਰਾਸਤੀ ਖੇਡਾਂ ਤੇ ਵੀ ਜਬਰ ਦਾ ਕੁਹਾੜਾ ਚੱਲ ਰਿਹਾ ਹੈ। 
ਇਸ ਦਾ ਸ਼ਿਕਾਰ ਮਾਲਵਾ ਖੇਤਰ ਚ ਪਿੰਡ ਪਿੰਡ ਹੋਣ ਵਾਲੀਆਂ ਬੈਲ ਗੱਡੀਆਂ ਦੀ ਦੌੜ ਵੀ ਬੰਦ ਹੈ ਜਦਲਕਿ ਬੈਲ ਗੱਡੀਆਂ ਦੀ ਦੌੜ ਵੇਲੇ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਬਲਦਾਂ ਤੇ ਨਹੀਂ ਹੁੰਦਾ ਸਗੋਂ ਬਲਦਾਂ ਦੀ ਦੌੜਾਕ ਨਸਲ ਕਾਇਮ ਰੱਖਣ ਚ ਇਹ ਦੌੜਾਂ ਸਹਾਇਕ ਸਿੱਧ ਹੋ ਰਹੀਆਂ ਸਨ। 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਸਭਿਆਚਾਰਕ ਮਾਮਲੇ ਮੰਤਰੀ ਸ: ਨਵਜੋਤ ਸਿੰਘ ਸਿੱਧੂ, ਪਸ਼ੂ ਪਾਲ਼ਣ ਮੰਤਰੀ ਸ: ਬਲਬੀਰ ਸਿੰਘ ਸਿੱਧੂ ਅਤੇ ਸਮੂਹ ਸਬੰਧਿਤ ਫੈਸਲਾਕੁਨ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਪ੍ਰੋ:,ਗਿੱਲ ਨੇ ਕਿਹਾ ਹੈ ਕਿ ਉਹ ਖ਼ੁਦ 1977-78 ਤੋਂ ਇਨ੍ਹਾਂ ਖੇਡਾਂ ਦੇ ਪ੍ਰਬੰਧਾਂ ਚ ਸਹਿਯੋਗੀ ਰਹੇ ਹੋਣ ਕਾਰਨ ਸਮਝਦੇ ਤੇ ਜਾਣਦੇ ਹਨ ਕਿ ਇਸ ਖੇਡ ਮੈਦਾਨ ਚ ਹੀ ਇਹ ਖੇਡ 1940 ਚ ਬਾਬਾ ਬਖ਼ਸ਼ੀਸ਼ ਸਿੰਘ ਗਰੇਵਾਲ ਜੀ ਨੇ ਇਹ ਆਰੰਭ ਕੀਤੀ ਸੀ। ਇਥੋਂ ਤੱਕ ਕਿ ਅਠਵੇਂ ਦਹਾਰੇ ਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਮੌਕੇ ਪੇਸ਼ ਝਾਕੀ ਚ ਵੀ ਬੈਲ ਗੱਡੀਆਂ ਦੀ ਵਰਤੋਂ ਕੀਤੀ ਸੀ। 
ਪਹਿਲੀ ਫਰਵਰੀ ਤੋਂ ਸ਼ੁਰੂ ਹੋ ਰਹੀਆਂ ਕਿਲ੍ਹਾ ਰਾਇਪੁਰ ਖੇਡਾਂ ਤੋਂ ਪਹਿਲਾਂ ਪਹਿਲਾਂ ਆਰਡੀਨੈਂਸ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਬੈਲਗੱਡੀਆਂ ਭਜਾਉਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ ਜਿਵੇਂ ਤਾਮਿਨਾਡੂ ਸਰਕਾਰ ਨੇ ਆਪਣੀ ਰਵਾਇਤੀ ਖੇਡ ਜੱਲੂਕੱਟੂ ਨੂੰ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। 
ਵਰਨਣ ਯੋਗ ਇਹ ਹੈ ਕਿ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਤੇ ਸਥਾਨਕ ਹਲਕਾ ਵਿਧਾਇਕ ਸ: ਕੁਲਦੀਪ ਸਿੰਘ ਵੈਦ ਵੀ ਇਸ ਸਬੰਧੀ ਸਿਫਾਰਿਸ਼ ਕਰਕੇ ਪੈਰਵੀ ਕਰ ਰਹੇ ਹਨ।