Monday, January 28, 2019

ਪੇਂਡੂ ਆਸਟਰੇਲੀਆ ਚੈਨਲ ਰਾਹੀਂ ਵਿਸ਼ਵ ਖੇਤੀ ਦ੍ਰਿਸ਼ ਪੇਸ਼ ਕਰਨ ਦੀ ਯੋਜਨਾ ਤਿਆਰ- ਮਿੰਟੂ ਬਰਾੜ



ਲੁਧਿਆਣਾ: 28 ਜਨਵਰੀ
ਆਸਟਰੇਲੀਆ ਵੱਸਦੇ ਸਰਬਪੱਖੀ  ਪੰਜਾਬੀ ਲੇਖਕ, ਅਗਾਂਹਵਧੂ ਬਾਗਬਾਨ , ਕੁਸ਼ਲ ਪ੍ਰਬੰਧਕ ਤੇ ਹਰਮਨ ਰੇਡੀਓ ਮੀਡੀਆ ਦੇ ਸੰਚਾਲਕ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੇ ਅੱਜ ਲੋਕ ਵਿਰਾਸਤ ਅਕਾਡਮੀ ਵੱਲੋਂ ਕੀਤੀ ਇਕੱਤਰਤਾ ਚ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਹੁਣ ਭੂਗੋਲਿਕ ਹੱਦਾਂ ਚ ਘਿਰੇ ਖਿੱਤੇ ਦਾ ਨਾਮ ਨਹੀਂ ਸਗੋਂ ਵਿਸ਼ਵ ਵਿਆਪੀ ਹਿੰਮਤ, ਉਤਸ਼ਾਹ ਤੇ ਦਾਨਵੀਰਤਾ ਦਾ ਪ੍ਰਤੀਕ ਬਣ ਗਿਆ ਹੈ। ਪੂਰੇ ਗਲੋਬ ਦੇ ਹਰ ਸਿਰੇ ਤੇ ਪੰਜਾਬੀਆਂ ਨੇ ਵਿਗਿਆਨਕ ਖੋਜ, ਅਰਥਚਾਰਾ ਵਿਕਾਸ, ਖੇਤੀਬਾੜੀ, ਖੇਡਾਂ , ਸਾਹਿੱਤ ਤੇ ਚਿੰਤਨ ਦੇ ਖੇਤਰ ਵਿੱਚ ਯੋਰਪ, ਉੱਤਰੀ ਤੇ ਦੱਖਣੀ ਅਮਰੀਕਾ, ਆਸਟਰੇਲੀਆ ਤੋਂ ਇਲਾਵਾ ਏਸ਼ੀਆ ਦੇ ਚੀਨ ਤੇ ਜਾਪਾਨ ਦੇਸ਼ਾਂ ਚ ਵੀ ਆਪਣੀ ਹਸਤੀ ਦਾ ਲੋਹਾ ਮੰਨਵਾਇਆ ਹੈ।
ਸ਼੍ਰੀ ਬਰਾੜ ਨੇ ਕਿਹਾ ਕਿ ਉਹ ਏਡੀਲੇਡ ਨੇੜੇ ਸੰਤਰਿਆਂ ਦੀ ਖੇਤੀ ਕਰਨ ਦੇ ਨਾਲ ਨਾਲ ਹਰਮਨ ਰੇਡੀਓ, ਕੂਕਾਬਾਰਾ ਮੈਗਜ਼ੀਨ ਵੀ ਸ਼ੁਰੂ ਕਰ ਚੁਕੇ ਹਨ। ਇਸ ਤੋਂ ਇਲਾਵਾ ਇਸ ਵੇਲੇ ਪੇਂਡੂ ਆਸਟਰੇਲੀਆ ਚੈਨਲ ਰਾਹੀਂ ਆਸਟਰੇਲੀਆ ਦੀ ਖੇਤੀ ਬਾਰੇ ਅਨੇਕਾਂ ਪ੍ਰੋਗਰਾਮ ਤਿਆਰ ਕਰ ਚੁਕੇ ਹਨ ਪਰ ਹੁਣ ਇਸ ਨੂੰ ਵਿਸ਼ਵ ਵਿਆਪੀ ਕਰਨ ਦੀ ਯੋਜਨਾ ਉਲੀਕੀ ਗਈ ਹੈ। ਹਰ ਮੁਲਕ ਦੀ ਖੇਤੀ ਬਾਰੇ ਇਹ ਪ੍ਰੋਗ੍ਰਾਮ  ਆਪਣੀ ਕਿਸਮ ਦਾ ਪਹਿਲਾ ਹੰਭਲਾ ਹੋਵੇਗਾ। ਏਡੀਲੇਡ ਵਿੱਚ ਸਿੱਖ ਗੇਮਜ਼ ਦੇ ਮੁੱਖ ਪ੍ਰਬੰਧਕਾਂ ਚੋਂ ਇੱਕ ਰਹਿ ਚੁਕੇ ਮਿੰਟੂ ਬਰਾੜ ਪੰਜਾਬ ਹਰਿਆਣਾ ਹੱਦ ਦੇ ਪਿੰਡ ਕਾਲਾਂਵਾਲੀ ਦੇ ਜੰਮਪਲ ਹਨ ਪਰ ਉਨ੍ਹਾਂ ਦੀ ਪਰਵਰਿਸ਼ ਬਠਿੰਡਾ ਚ ਹੀ ਹੋਈ ਹੈ। ਬਹੁਚਰਚਿਤ ਪੁਸਤਕ ਕੰਗਾਰੂਨਾਮਾ ਲਿਖ ਚੁਕੇ ਸ਼੍ਰੀ ਬਰਾੜ ਨੇ ਇਸ ਪੁਸਤਕ ਦੀ ਸਿਰਜਣਾ ਤੇ ਪ੍ਰਕਾਸ਼ਨ ਬਾਰੇ ਵੀ ਚਾਨਣਾ ਪਾਇਆ।
ਸ਼੍ਰੀ ਮਿੰਟੂ ਬਰਾੜ ਨੂੰ ਇਸ ਮੌਕੇ ਲੋਕ ਵਿਰਾਸਤ ਅਕਾਡਮੀ ਵੱਲੋਂ ਦੋਸ਼ਾਲਾ ਤੇ ਕਝ ਨਵ ਪ੍ਰਕਾਸ਼ਿਤ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਜੀ ਜੀ ਐੱਨ ਖਾਲਸਾ ਕਾਲਿਜ ਦੇ ਪੋਸਟ ਗਰੈਜੂਏਟ ਵਿਭਾਗ ਦੇ ਮੁਖੀ ਡਾ: ਸਰਬਜੀਤ ਸਿੰਘ, ਡਾ: ਤੇਜਿੰਦਰ ਕੌਰ ਕਨਵੀਨਰ,ਪਰਵਾਸੀ ਸਾਹਿੱਤ ਅਧਿਐਨ ਕੇਂਦਰ ਤੇ ਡਾ: ਮੁਨੀਸ਼ ਕੁਮਾਰ ਨੇ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਡਾ: ਸਰਬਜੀਤ ਸਿੰਘ ਨੇ ਦੱਸਿਆ ਕਿ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਜੀ ਦੀ ਸਰਪ੍ਰਸਤੀ ਹੇਠ ਪਰਵਾਸੀ ਸਾਹਿੱਤ ਅਧਿਐਨ ਸਥਾਪਿਤ ਕਰਨ ਦਾ ਮਨੋਰਥ ਹੀ ਬਦੇਸ਼ਾਂ ਚ ਵੱਸਦੇ ਪੰਜਾਬੀਆਂ ਦੇ ਸਾਹਿੱਤ ਤੇ ਜੀਵਨ ਨੂੰ ਅਕਾਦਮਿਕ ਪੱਧਰ ਤੇ ਵਿਚਾਰਨਾ ਤੇ ਕੇਂਦਰ ਚ ਲਿਆਉਣਾ ਹੈ।
ਤਿੰਨਾਂ ਅਧਿਆਪਕਾਂ ਨੇ ਸ਼੍ਰੀ ਬਰਾੜ ਤੇ ਉਨ੍ਹਾਂ ਦੇ ਸਿਰਸਾ ਤੋਂ ਆਏ ਲੇਖਕ ਭੁਪਿੰਦਰ ਪੰਨੀਵਾਲੀਆ ਨੂੰ ਵੀ 21-22 ਫਰਵਰੀ ਨੂੰ ਹੋਣ ਵਾਲੀ ਦੂਜੀ ਵਿਸ਼ਵ ਪਰਵਾਸੀ ਸਾਹਿੱਤ ਕਾਨਫਰੰਸ ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਤੇ ਦੋਹਾਂ ਨੂੰ ਪਿਛਲੀ ਕਾਨਫਰੰਸ ਦੇ ਖੋਜ ਪੱਤਰਾਂ ਤੇ ਆਧਾਰਿਤ ਤਿੰਨ ਪੁਸਤਕਾਂ  ਦਾ ਸੈੱਟ ਵੀ ਭੇਂਟ ਕੀਤਾ।
ਲੋਕ ਵਿਰਾਸਤ ਅਕਾਡਮੀ ਦੇ ਤੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਿੰਟੂ ਬਰਾੜ ਨੇ ਐਡੀਲੇਡ ਵਿੱਚ ਤੇਸਰਬਜੀਤ ਸੋਹੀ ਨੇ ਬਰਿਸਬੇਨ ਵਿੱਚ ਪੰਜਾਬੀ ਸਾਹਿੱਤਕ ਲਹਿਰ ਸਥਾਪਤ ਕਰਕੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਾਡਾ ਮੰਤਵ ਅਜਿਹੇ ਬੂਟਿਆਂ ਨੂੰ ਸਿੰਜ ਕੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗਲੋਬਲ ਪਛਾਣ ਸਥਾਪਿਤ ਕਰਨਾ ਹੈ।