Thursday, August 22, 2019

ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਤ੍ਰੈਮਾਸਿਕ ਪੱਤਰ ਪਰਵਾਸ ਲੋਕ ਅਰਪਣ



ਲੁਧਿਆਣਾ : 22 ਅਗਸਤ

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵਲੋਂ ਤ੍ਰੈ ਮਾਸਿਕ ਮੈਗਜ਼ੀਨ 'ਪਰਵਾਸ' ਦੇ ਲੋਕ ਅਰਪਣ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ 'ਤੇ ਪੰਜਾਬ ਭਵਨ, ਸਰੀ, ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ 'ਤੇ ਜੀ ਆਇਆ ਕਿਹਾ ਅਤੇ ਕਾਲਜ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀ ਸਥਾਪਤੀ ਤੋਂ ਲੈ ਕੇ ਹੁਣ ਤਕ ਦੀਆਂ ਪ੍ਰਾਪਤੀਆਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਕੇਂਦਰ ਵੱਲੋਂ ਹੁਣ ਤਕ ੭ ਪੁਸਤਕਾਂ ਪਰਵਾਸੀ ਪੰਜਾਬੀ ਸਾਹਿਤ 'ਤੇ ਅਧਾਰਿਤ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਉਨ੍ਹਾਂ ਨੇ ਕੇਂਦਰ ਨੂੰ ਤ੍ਰੈ-ਮਾਸਿਕ ਮੈਗਜ਼ੀਨ ਪਰਵਾਸੀ ਦੀ ਪੁਨੱਰ ਸਿਰਜਣਾਂ ਲਈ ਵਧਾਈ ਦਿੱਤੀ । ਇਸ ਮੌਕੇ 'ਤੇ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਇਸ ਮੌਕੇ 'ਤੇ ਕਿਹਾ ਕਿ ਪਰਵਾਸੀ ਪੰਜਾਬੀ ਸਾਹਿਤ 'ਤੇ ਆਧਾਰਿਤ ਪਹਿਲਾ ਪੰਜਾਬੀ ਦਾ ਮੈਗਜ਼ੀਨ 'ਪਰਵਾਸ' ਉਨ੍ਹਾਂ ਵੱਲੋਂ ਆਰੰਭ ਕੀਤਾ ਗਿਆ ਜੋ ਕਿ ਲਗਭਗ ਇਕ ਦਹਾਕਾ ਚਲਦਾ ਰਿਹਾ ਪਰ ਫਿਰ ਉਨ੍ਹਾਂ ਦੇ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਬੰਦ ਕਰਨਾ ਪਿਆ। ਉਨ੍ਹਾਂ ਨੇ ਇਸ ਦੀ ਪੁਨਰ ਸੁਰਜੀਤੀ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਰਵਾਸੀ ਪੰਜਾਬੀ ਲੇਖਕਾਂ ਲਈ ਇਹ ਮੈਗਜ਼ੀਨ ਇਕ ਪਲੇਟਫਾਰਮ ਸਾਬਤ ਹੋਵੇਗਾ। ਇਸ ਮੌਕੇ 'ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਸ. ਪ. ਸਿੰਘ ਤੇ ਕਾਲਜ ਦੇ ਪਰਵਾਸੀ ਅਧਿਅਨ ਕੇਂਦਰ ਦੇ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਸ ਮੈਗਜ਼ੀਨ ਦੇ ਜਰੀਏ ਵਿਸ਼ਵ ਭਰ ਦੇ ਪਰਵਾਸੀ ਪੰਜਾਬੀ ਲੇਖਕ ਇਸ ਕੇਂਦਰ ਨਾਲ ਜੁੜ ਚੁੱਕੇ ਹਨ। ਇਸ ਮੌਕੇ 'ਤੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਇਨ੍ਹਾਂ ਦੋਵਾਂ ਸੰਸਥਾਵਾਂ ਦੇ ਆਪਸੀ ਤਾਲਮੇਲ ਨਾਲ ਕਰਵਾਈਆਂ ਗਈਆਂ ਤੇ ਭਵਿੱਖ ਵਿਚ ਹੋਣ ਜਾ ਰਹੀਆਂ ਸਾਹਿਤਕ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਰਵਾਸੀ ਕੇਂਦਰ ਵੱਲੋਂ 22-22ਫਰਵਰੀ, 2019 ਨੂੰ ਕਰਵਾਈ ਗਈ ਅੰਤਰ-ਰਾਸ਼ਟਰੀ ਕਾਨਫ਼ਰੰਸ ਦੇ ਸਫਲ ਆਯੋਜਨ ਲਈ ਕਾਲਜ ਨੂੰ ਵਧਾਈ ਦਿੱਤੀ ਤੇ ਧੰਨਵਾਦ ਵਜੋਂ ਕਾਲਜ ਦੇ ਸਮੂਹ ਸਟਾਫ਼ ਨੂੰ ਦੁਪਹਿਰ ਦਾ ਭੋਜਨ ਕਰਵਾਇਆ ਗਿਆ।  ਇਸ ਉਪਰੰਤ 'ਪਰਵਾਸ' ਮੈਗਜ਼ੀਨ ਰਲੀਜ਼ ਕੀਤਾ ਗਿਆ। ਮੰਚ ਸੰਚਾਲਨ ਡਾ. ਮੁਨੀਸ਼ ਕੁਮਾਰ ਵੱਲੋਂ ਕੀਤਾ ਗਿਆ। ਇਸ ਸਮਾਗਮ ਵਿਚ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ. ਭਗਵੰਤ ਸਿੰਘ, ਜੀ.ਜੀ. ਐਨ. ਆਈ. ਐਮ.ਟੀ/ ਜੀ.ਜੀ.ਐਨ.ਆਈ.ਵੀ.ਐਸ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ,ਜੀ.ਜੀ.ਆਈ.ਐਮ.ਟੀ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ, ਕਵੀ ਤੇ ਚਿਤਰਕਾਰ ਸਵਰਨਜੀਤ ਸਵੀ,  ਡਾ. ਭੁਪਿੰਦਰ ਸਿੰਘ, ਮੁੱਖੀ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਹਰਪ੍ਰੀਤ ਸਿੰਘ ਦੂਆ, ਡਾ. ਤੇਜਿੰਦਰ ਕੌਰ, ਡਾ. ਮੁਨੀਸ਼ ਕੁਮਾਰ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ। .