ਜੇ ਤੂੰ
ਸਿਨੇਮਾ ਸਕਰੀਨ ਤੋਂ ਉੱਤਰ
ਹੱਕ ਸੱਚ ਇਨਸਾਫ਼ ਲਈ ਲੜਦੀ
ਬੰਗਾਲ ਦੀ ਜਾਈ ਆਇਸ਼ੀ ਘੋਸ਼ ਦਾ
ਯੂਨੀਵਰਸਿਟੀ ਚ ਜਾਕੇ
ਜ਼ਖ਼ਮੀ ਮੱਥਾ ਨਾ ਚੁੰਮਦੀ
ਤਾਂ ਮੈਨੂੰ ਭਰਮ ਰਹਿਣਾ ਸੀ
ਕਿ ਮਾਪਿਆਂ ਦੇ ਰੱਖੇ ਨਾਮ
ਬੇਅਰਥ ਹੁੰਦੇ ਨੇ।
ਦੀਪਿਕਾ!
ਜਗਦੇ ਚਿਰਾਗ ਜੇਹੀਏ!
ਤੂੰ ਸੱਚਮੁੱਚ ਪ੍ਰਕਾਸ਼ ਦੀ ਧੀ ਹੈਂ।
ਤੇਰਾ ਨਿਹੱਥੇ ਬੱਚਿਆਂ ਕੋਲ ਜਾਣਾ
ਹਮਦਰਦ ਬਣ ਬਹਿਣਾ ਖਲੋਣਾ
ਉਸ ਵਿਸ਼ਵਾਸ ਦੀ ਤਸਦੀਕ ਹੈ
ਜੋ ਗੁਆਚ ਰਿਹੈ ਦਿਨ ਬਦਿਨ
ਇੰਜ ਲੱਗਿਐ!
ਮੰਡੀ ਵਿੱਚ ਸਭ ਕੁਝ ਵਿਕਾਊ ਨਹੀਂ।
ਸਿਆਲ ਦੇ ਦਿਨ ਹਨ
ਬਾਜ਼ਾਰ ਚ ਮੂੰਗਫ਼ਲੀ ਦੇ ਢੇਰ ਪਏ ਨੇ
ਧੜਾਧੜ ਤੁਲ ਰਹੇ ਵਿਕ ਰਹੇ।
ਮਹਿੰਗੇ ਬਦਾਮਾਂ ਜਹੀਏ ਧੀਏ!
ਮੰਡੀ ਦਾ ਮਾਲ ਨਾ ਬਣਨ ਦਾ ਸ਼ੁਕਰੀਆ।
ਆਇਸ਼ੀ ਘੋਸ਼ ਦੇ ਮੱਥੇ ਦੇ ਜ਼ਖ਼ਮ
ਆਠਰ ਗਏ ਨੇ ਤੇਰੇ ਚੁੰਮਦਿਆਂ।
ਅਣਬੋਲਿਆ ਨਾਅਰਾ ਅੰਬਰੀਂ ਚੜ੍ਹ
ਗੂੰਜਿਆ ਹੈ ਚਹੁੰ ਦਿਸ਼ਾਈਂ।
ਤ੍ਰਿਸ਼ੂਲਾਂ, ਕਿਰਪਾਨਾਂ, ਚਾਕੂਆਂ
ਦੇ ਜਮਘਟੇ ਅੰਦਰ ਘਿਰੇ
ਅਸੀਂ ਇਕੱਲੇ ਨਹੀਂ ਹਾਂ।
ਬਹੁਤ ਜਣੇ ਹਾਂ।
ਇਕੱਲੇ ਨਹੀਂ ਹਾਂ ਜੰਗਲ ‘ਚ।
🔥