Tuesday, January 24, 2017

ਏ. ਐਸ. ਕਾਲਜ ਖੰਨਾ ਦੇ ਵਿਦਿਆਰਥੀਆਂ ਨੇ ਪਾਵਰ ਲਿਫ਼ਟਿੰਗ ਮੁਕਾਬਲੇ ਕੀਤਾ ਕਾਲਜ ਦਾ ਨਾਮ ਰੌਸ਼ਨ

ਖੰਨਾ - 24 ਜਨਵਰੀ, ਏ. ਐਸ. ਕਾਲਜ ਖੰਨਾ ਦੇ ਹੋਣਹਾਰ ਵਿਦਿਆਰਥੀਆਂ ਨੇ ਡੀ. ਏ. ਵੀ. ਕਾਲਜ ਸੈਕਟਰ-10, ਚੰਡੀਗੜ੍ਹ ਵਿਖੇ
ਹੋਏ ਇੰਟਰ-ਕਾਲਜ ਪਾਵਰ ਲਿਫ਼ਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡੀਨ ਆਫ਼ ਸਪੋਰਟਸ ਡਾ. ਰਾਮ ਸਿੰਘ ਗੁਰਨਾ ਨੇ ਦੱਸਿਆ ਕਿ 23 ਜਨਵਰੀ ਨੂੰ ਹੋਏ ਪਾਵਰ ਲਿਫ਼ਟਿੰਗ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਕਾਲਜ ਦੇ ਵਿਦਿਆਰਥੀ ਖਿਡਾਰੀਆਂ ਭੁਪਿੰਦਰ ਸਿੰਘ, ਬੀ. ਏ. ਭਾਗ ਤੀਜਾ ਅਤੇ ਪੁਲਕਿਤ ਵਿੱਜ ਬੀ. ਏ. ਭਾਗ ਪਹਿਲਾ  ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ। ਵੇਟ ਲਿਫ਼ਟਿੰਗ ਦੇ ਅੰਤਰਗਤ ਭੁਪਿੰਦਰ ਸਿੰਘ ਨੇ 66 ਕਿੱਲੋ ਭਾਰ-ਵਰਗ ਵਿੱਚ ਹਿੱਸਾ ਲੈ ਕੇ ਸਿਲਵਰ ਮੈਡਲ ਅਤੇ ਪੁਲਕਿਤ ਵਿੱਜ ਨੇ 120 ਕਿੱਲੋ ਭਾਰ-ਵਰਗ ਵਿੱਚ ਹਿੱਸਾ ਲੈਂਦਿਆਂ ਬਰੌਂਜ਼ ਮੈਡਲ ਕਾਲਜ ਦੀ ਝੋਲੀ ਪਾਇਆ। ਇਸ ਸ਼ਾਨਦਾਰ ਜਿੱਤ ਦੇ ਮੌਕੇ 'ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਉਪ-ਪ੍ਰਧਾਨ ਸ਼੍ਰੀ ਸੰਜੀਵ ਧਮੀਜਾ, ਜਨਰਲ ਸੈਕਟਰੀ ਸ਼੍ਰੀ ਰਾਜੇਸ਼ ਡਾਲੀ, ਕਾਲਜ ਸੈਕਟਰੀ ਐਡਵੋਕੇਟ ਰਾਜੀਵ ਰਾਏ ਮਹਿਤਾ ਅਤੇ ਕਾਲਜ ਪ੍ਰਿੰਸੀਪਲ ਡਾ. ਆਰ. ਐਸ. ਝਾਂਜੀ ਨੇ ਜੇਤੂ ਖਿਡਾਰੀਆਂ ਅਤੇ ਵਿਭਾਗ ਦੇ ਅਧਿਆਪਕਾਂ ਡਾ. ਪਰਮਿੰਦਰ ਸਿੰਘ ਤੇ ਡਾ. ਗੁਰਵੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ।