ਖੰਨਾ -ਖੰਨਾ ਨੇੜਲੇ ਪਿੰਡ ਬੂਥਗੜ੍ਹ ਦੇ ਜੰਮਪਲ ਤੇ ਉਘੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਡਬੋਲੀਆ’ ਨੇ ਇਸ ਸਾਲ ਦਾ 25,000 ਡਾਲਰ ਦੀ ਰਾਸ਼ੀ ਵਾਲਾ ‘ ਅੰਤਰਰਾਸਟਰੀ ਢਾਹਾਂ ਐਵਾਰਡ’ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ । ਅੰਤਰਰਾਸਟਰੀ ਪੱਧਰ ਤੇ ਇਹ ਪੁਰਸਕਾਰ ਖੰਨਾ ਵਾਸੀਆਂ ਦੀ ਝੋਲੀ ਵਿੱਚ ਪੈਣ ਨਾਲ ਇਲਾਕ਼ੇ ਦੇ ਹੀ ਨਹੀਂ ਪੰਜਾਬ ਭਰ ਵਿੱਚ ਵੱਸਦੇ ਸਹਿਤ ਪ੍ਰੇਮੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਬਲਵਿੰਦਰ ਸਿੰਘ ਗਰੇਵਾਲ ਨੂੰ ਵਧਾਈ ਦਿੱਤੀ ਹੈ। ਇਸ ਸਾਲ ਇਸ ਐਵਾਰਡ ਲਈ ਉਨ੍ਹਾਂ ਨੂੰ ਭਾਰਤ, ਪਾਕਿਸਤਾਨ, ਯੂ.ਕੇ., ਯੂ.ਐੱਸ. ਅਤੇ ਆਸਟ੍ਰੇਲੀਆ ਸਮੇਤ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਲੇਖਕਾਂ ਦੀਆਂ ਪੁਸਤਕਾਂ ਪ੍ਰਾਪਤ ਹੋਈਆਂ ਸਨ ਜਿਹਨਾਂ ਵਿੱਚੋ ਬਲਵਿੰਦਰ ਸਿੰਘ ਗਰੇਵਾਲ ਦੀ ਪੁਸਤਕ ਡਬੋਲੀਆ ਦੀ ਚੋਣ ਇਸ ਪੁਰਸਕਾਰ ਲਈ ਕੀਤੀ ਗਈ ਹੈ। ਪ੍ਰਸਿੱਧ ਕਵੀ ਪ੍ਰੋ ਗੁਰਭਜਨ ਗਿੱਲ ਨੇ ਖ਼ੁਸ਼ੀ ਦਾ ਇਜਹਾਰ ਕਰਦਿਆ ਕਿਹਾ ਕਿ ਗਰੇਵਾਲ ਪਂਜਾਬੀ ਧਰਤ ਨੂੰ ਨਾਲ ਲੈ ਕੇ ਚੱਲਣ ਵਾਲਾ ਸਿਆਣਾ ਕਹਾਣੀਕਾਰ ਹੈ ਤੇ ਉਸ ਦੀ ਢਾਹਾਂ ਪੁਰਸਕਾਰ ਲਈ ਚੋਣ ਬਿਲਕੁਲ ਸਹੀ ਹੈ । ਦਿਲਚਸਪ ਇਤਫਾਕ ਹੈ ਕਿ ਖੰਨਾ ਇਲਾਕ਼ੇ ਨੂੰ ਦੂਸਰੀ ਵਾਰ ਇਹ ਪੁਰਸਕਾਰ ਪ੍ਰਾਪਤ ਹੋਇਆ ਹੈ ਤੇ ਇਸ ਤੋਂ ਪਹਿਲਾਂ ਨੋਜਵਾਨ ਕਹਾਣੀਕਾਰ ਜਤਿੰਦਰ ਹਾਂਸ ਨੂੰ ਇਹ ਪੁਰਸਕਾਰ ਮਿਲ਼ਿਆ ਹੈ ਜੋ ਕਿ ਖੰਨਾ ਨੇੜਲੇ ਪਿੰਡ ਅਲੂਣਾ ਦੇ ਜੰਮਪਲ ਹਨ।ਇਸ ਤੋਂ ਇਲਾਵਾ
ਅਰਵਿੰਦਰ ਕੌਰ ਧਾਲੀਵਾਲ ਦੇ ਕਹਾਣੀ ਸੰਗ੍ਰਿਹ ਝਾਂਜਰ ਵਾਲੇ ਪੈਰ ਅਤੇ ਜਾਵੇਦ ਬੂਟਾ ਦੇ ਚੌਲਾਂ ਦੀ ਬੁਰਕੀ ਨੂੰ 10-10 ਹਜਾਰ ਦੇ ਇਨਾਮ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਗਰੇਵਾਲ ਅਤੇ ਅਰਵਿੰਦਰ ਕੌਰ ਧਾਲੀਵਾਲ ਭਾਰਤ ਦੇ ਵਸਨੀਕ ਹਨ ਅਤੇ ਜਾਵੇਦ ਬੂਟਾ ਅਮਰੀਕਾ ਦਾ ਸ਼ਹਿਰੀ ਹੈ। ਇਸ ਐਵਾਰਡ ਲਈ ਪਹਿਲੇ ਅਤੇ ਦੂਜੇ ਇਨਾਮ ਲਈ ਪੁਸਤਕਾਂ ਦੀ ਚੋਣ ਤਿੰਨ ਮੈਂਬਰੀ ਫਾਈਨਲ ਜਿਊਰੀ ਨੇ ਕੀਤੀ। ਇਸ ਜਿਊਰੀ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ (ਕੈਨੇਡਾ), ਪ੍ਰੋ. ਜਸਪਾਲ ਘਈ (ਭਾਰਤ) ਅਤੇ ਜਨਾਬ ਮੁਨੀਰ ਗੁੱਜਰ (ਪਾਕਿਸਤਾਨ) ਸ਼ਾਮਲ ਸਨ।
ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੇ ਸੰਸਥਾਪਕ ਪ੍ਰਧਾਨ ਬਰਜ ਢਾਹਾਂ ਨੇ ਇਸ ਮੌਕੇ ਦੱਸਿਆ ਕਿ ਇਸ ਇਨਾਮ ਦੀ ਸਥਾਪਨਾ ਤਕਰੀਬਨ ਇੱਕ ਦਹਾਕਾ ਪਹਿਲਾਂ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਅਤੇ ਦੋਹਾਂ ਪੰਜਾਬੀ ਲਿਪੀਆਂ (ਗੁਰਮੁਖੀ ਅਤੇ ਸ਼ਾਹਮੁਖੀ) ਵਿੱਚ ਵਾਰਤਕ ਦੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਸੀ।
ਬਲਵਿੰਦਰ ਗਰੇਵਾਲ ਇਲਾਕੇ ਦੀ ਸ਼ਾਨ ਦਾ ਜੀਵਨ ਵੇਰਵਾ
ਬਲਵਿੰਦਰ ਸਿੰਘ ਗਰੇਵਾਲ ਦਾ ਜਨਮ ਪਿੰਡ ਬੂਥਗੜ੍ਹ, ਖੰਨਾ, ਪੰਜਾਬ, ਭਾਰਤ ਵਿੱਚ ਹੋਇਆ ਸੀ। ਉਸ ਨੇ ਬੀ.ਏ. ਖੰਨਾ ਦੇ ਏ. ਐੱਸ. ਕਾਲਜ ਅਤੇ ਅਰਥ ਸ਼ਾਸਤਰ ਵਿੱਚ ਐੱਮ. ਏ. ਦੀ ਡਿਗਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰਾਪਤ ਕੀਤੀ। ਚੌਥੀ ਜਮਾਤ ਵਿੱਚ ਰੂਪ ਬਸੰਤ ਦੀ ਕਹਾਣੀ ਅਤੇ ਜਸਵੰਤ ਸਿੰਘ ਕਮਲ ਦੇ ਨਾਵਲ ‘ਸੱਚ ਨੂੰ ਫਾਂਸੀ’ ਨੇ ਉਸ ਵਿੱਚ ਸਾਹਿਤ ਪ੍ਰਤੀ ਡੂੰਘੀ ਦਿਲਚਸਪੀ ਪੈਦਾ ਕੀਤੀ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1990 ਵਿੱਚ ਪ੍ਰਕਾਸ਼ਿਤ ਹੋਇਆ। ਉਸ ਤੋਂ ਬਾਅਦ ‘ਯੁਧ ਖੇਤਰ’ (1999), ‘ਖੰਡੇ ਦੀ ਧਾਰ’ (2000), ਅਤੇ ‘ਇਕ ਘਰ ਅਜ਼ਾਦ ਹਿੰਦੀਆਂ ਦਾ’ (2007), ਅਤੇ ਉਸ ਦੀਆਂ ਚੋਣਵੀਆਂ ਰਚਨਾਵਾਂ ਦੀ ਕਿਤਾਬ ‘ਸੂਰਜ ਦੀ ਕੋਈ ਪਿੱਠ ਨੀ ਹੁੰਦੀ’ ਪ੍ਰਕਾਸ਼ਿਤ ਹੋਈਆਂ ਸਨ। ਸਿਰਲੇਖ ਕਹਾਣੀ ‘ਡਬੋਲੀਆ’ ਪਹਿਲੀ ਵਾਰ 2018 ਵਿੱਚ ਪ੍ਰਕਾਸ਼ਿਤ ਹੋਈ ਸੀ। ਉਹ ਭੱਠਲ ਯਾਦਗਾਰੀ ਇਨਾਮ, ਕਹਾਣੀਕਾਰ ਸੁਜਾਨ ਸਿੰਘ ਯਾਦਗਾਰੀ ਇਨਾਮ, ਮਾਤਾ ਸਵਰਨ ਕੌਰ ਯਾਦਗਾਰੀ ਇਨਾਮ, ਅਤੇ ਜਸਵੰਤ ਸਿੰਘ ਕਮਲ ਸਮੇਤ ਕਈ ਇਨਾਮਾਂ ਦਾ ਪ੍ਰਾਪਤ ਕਰਤਾ ਹੈ।ਲੋਕ ਚਰਚਾ ਸਾਡੇ ਇਲਾਕੇ ਦੀ ਸ਼ਾਨ ਬਲਵਿੰਦਰ ਗਰੇਵਾਲ ਜਿੰਦਾਬਾਦ