Monday, March 19, 2018

ਲੁਧਿਆਣਾ ਜ਼ਿਲ੍ਹੇ ਦੇ ਠੇਕਿਆਂ ਦੀ ਨੀਲਾਮੀ ਤੋਂ 827 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ

ਲੁਧਿਆਣਾ, 19 ਮਾਰਚ -ਕਰ ਤੇ ਆਬਕਾਰੀ ਵਿਭਾਗ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਠੇਕਿਆਂ ਦੀ ਨੀਲਾਮੀ ਤੋਂ 827 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ | ਵਿਭਾਗ ਵਲੋਂ ਲੁਧਿਆਣਾ ਜ਼ਿਲ੍ਹੇ ਅੰਦਰ 135 ਗਰੁੱਪ ਬਣਾਏ ਗਏ ਹਨ, ਜਿੰਨ੍ਹਾਂ ਅਧੀਨ 600 ਸ਼ਰਾਬ ਦੇ ਠੇਕੇ ਖੋਲ੍ਹੇ ਜਾਣਗੇ | ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਵਲੋਂ ਨਗਰ ਨਿਗਮ ਲੁਧਿਆਣਾ ਦੀ ਹਦੂਦ ਅੰਦਰ 98 ਗਰੁੱਪ ਅਤੇ ਖੰਨਾ ਸਰਕਲ 'ਚ 8 ਗਰੁੱਪ, ਦੋਰਾਹਾ ਸਰਕਲ 'ਚ 3 ਗਰੁੱਪ, ਸਾਹਨੇਵਾਲ ਸਰਕਲ 'ਚ 2 ਗਰੁੱਪ, ਜਗਰਾਉਂ ਸਰਕਲ 'ਚ 6 ਗਰੁੱਪ, ਰਾਏਕੋਟ ਸਰਕਲ 'ਚ 7 ਗਰੁੱਪ, ਸਮਰਾਲਾ ਸਰਕਲ 'ਚ 6 ਗਰੁੱਪ, ਡੇਹਲੋਂ ਸਰਕਲ ਗਰੁੱਪ 'ਚ 5 ਗਰੁੱਪ ਬਣਾਏ ਗਏ ਹਨ | 135 ਗਰੁੱਪਾਂ 'ਚ 670 ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਖੋਲ੍ਹੇ ਜਾਣਗੇ | ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਡਰਾਅ ਰਾਹੀਂ 26 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਹੋਵੇਗੀ | ਸ਼ਰਾਬ ਦੇ ਠੇਕਿਆਂ ਦੇ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਦਿਹਾਤੀ ਖੇਤਰ 'ਚ ਜੋ ਗਰੁੱਪ ਬਣਾਏ ਗਏ ਹਨ, ਉਹ 3 ਕਰੋੜ ਰੁਪਏ ਤੋਂ 6.25 ਕਰੋੜ ਰੁਪਏ ਦੇ ਹੋਣਗੇ | ਦੇਸੀ ਤੇ ਅੰਗਰੇਜ਼ੀ ਸ਼ਰਾਬ ਦਾ ਕੋਟਾ 32 ਫ਼ੀਸਦੀ ਤੇ ਬੀਅਰ ਦਾ ਕੋਟਾ 20 ਫ਼ੀਸਦੀ ਘਟਾਇਆ ਗਿਆ ਹੈ | ਪਿਛਲੇ ਸਾਲ ਨਾਲੋਂ ਵਿਭਾਗ ਨੂੰ 10 ਤੋਂ 15 ਫ਼ੀਸਦੀ ਵੱਧ ਮਾਲੀਆ ਇਕੱਠਾ ਹੋਣ ਦੀ ਆਸ ਹੈ | ਦਰਖ਼ਾਸਤ ਦੇਣ ਵਾਲੇ ਵਿਅਕਤੀ ਨੂੰ ਐਕਸਿਸ ਬੈਂਕ ਦੀ ਮਾਲ ਰੋਡ, ਸੋਨਾ ਕੰਪਲੈਕਸ ਮਿਲਰਗੰਜ, ਮਾਤਾ ਰਾਣੀ ਚੌਕ ਭਦੌੜ ਹਾਊਸ, ਦੁੱਗਰੀ ਰੋਡ ਮਾਡਲ ਟਾਊਨ, ਚੰਡੀਗੜ੍ਹ ਰੋੜ ਲੁਧਿਆਣਾ, ਪੱਖੋਵਾਲ ਰੋਡ ਫੁੱਲਾਂਵਾਲ, ਫਿਰੋਜ਼ਪੁਰ ਰੋਡ ਥਰੀਕੇ, ਕਾਲੀ ਮਾਤਾ ਮੰਦਿਰ ਲੁਧਿਆਣਾ ਸ਼ਾਖਾ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੀ ਫਿਰੋਜ਼ਗਾਂਧੀ ਮਾਰਕੀਟ ਲੁਧਿਆਣਾ ਸ਼ਾਖਾ, ਜੰਡੂ ਟਾਵਰ ਮਿਲਰਗੰਜ ਲੁਧਿਆਣਾ ਸ਼ਾਖਾ ਵਿਖੇ 18 ਹਜ਼ਾਰ ਰੁਪਏ ਡਰਾਅ ਪਰਚੀ ਫ਼ੀਸ, 125 ਰੁਪਏ ਪ੍ਰੋਸੈਸਿੰਗ ਫ਼ੀਸ ਤੇ ਹੋਰ ਰਾਸ਼ੀ ਜ਼ਮ੍ਹਾਂ ਕਰਵਾਈ ਜਾ ਸਕੇਗੀ |
ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦਾ ਪ੍ਰੋਗਰਾਮ
ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਤੇ ਦਿਹਾਤੀ ਖੇਤਰ 'ਚ ਪੈਂਦੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਲੈਣ ਦੇ ਚਾਹਵਾਨ 20 ਮਾਰਚ 2018 ਤੋਂ 23 ਮਾਰਚ 2018 ਤੱਕ 18 ਹਜ਼ਾਰ ਰੁਪਏ ਪ੍ਰਤੀ ਗਰੁੱਪ ਦੀ ਫ਼ੀਸ ਅਦਾ ਕਰਕੇ ਡਰਾਅ ਰਾਹੀਂ ਹੋਣ ਵਾਲੀ ਨੀਲਾਮੀ 'ਚ ਹਿੱਸਾ ਲੈ ਸਕਦੇ ਹਨ | ਪ੍ਰਾਪਤ ਹੋਈਆਂ ਡਰਾਅ ਪਰਚੀਆਂ ਦੀ ਪੜਤਾਲ 24 ਮਾਰਚ 2018 ਤੇ 25 ਮਾਰਚ 2018 ਨੂੰ ਹੋਵੇਗੀ | ਜਦਕਿ 26 ਮਾਰਚ ਸਵੇਰੇ 10 ਵਜੇ ਬਾਕੀ ਪੰਜਾਬ ਵਾਂਗ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ ਕੱਢਿਆ ਜਾਵੇਗਾ |