Thursday, July 4, 2019

ਪ੍ਰਸਿੱਧ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਸੰਸਦ ਮੈਂਬਰੀ ਲਈ ਚੋਣ ਲੜਨ ਜਾ ਰਹੇ ਹਨ।

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਕਸੂਦੜਾ ਦੇ ਜੰਮਪਲ ਤੇ ਕੈਨੇਡਾ ਦੇ ਮਿੰਨੀ ਪੰਜਾਬ ਦੇ ਪ੍ਰਸਿੱਧ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਬ੍ਰਿਟਿਸ਼ ਕੋਲੰਬੀਆ ਦੇ ਸੰਸਦੀ ਹਲਕਾ ਨਿਊਟਨ ਸਰ੍ਹੀ ਤੋਂ ਸੰਸਦ ਮੈਂਬਰੀ ਲਈ ਚੋਣ ਲੜਨ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਕੈਨੇਡੀਅਨ ਫ਼ੈਡਰਲ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਉਨ੍ਹਾਂ ਨੂੰ ਚੋਣ ਲੜਨ ਲਈ ਤਿਆਰ ਕੀਤਾ ਗਿਆ ਹੈ। ਜਸਪਾਲ ਸਿੰਘ ਦਿਓਲ, ਭੁਪਿੰਦਰ ਸਿੰਘ ਲਿੱਟ ਅਤੇ ਦਰਸ਼ਨ ਸਿੰਘ ਸਾਂਸੀ ਨੇ ਦੱਸਿਆ ਕਿ ਗਿੱਲ ਨੂੰ ਟਿਕਟ ਮਿਲਣ ਕਾਰਨ ਪੰਜਾਬੀ ਭਾਈਚਾਰੇ ਵਿੱਚ ਇਸ ਕਰਕੇ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਗਿੱਲ ਵੱਲੋਂ ਆਪਣੇ ਰੇਡੀਓ ਸ਼ੇਰੇ ਪੰਜਾਬ ਦੇ ਜ਼ਰੀਏ ਹੇਤੀ ਵਿਖੇ ਭੂਚਾਲ ਪੀੜ੍ਹਤਾਂ ਲਈ 30 ਲੱਖ ਡਾਲਰ ਦੀ ਵਿੱਤੀ ਮੱਦਦ ਭੇਜੀ ਗਈ ਸੀ। ਇਸ ਤੋਂ ਇਲਾਵਾ ਕਰੀਬ 8 ਸਾਲ ਪਹਿਲਾਂ ਕੈਨੇਡਾ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਿੱਪ ਰਾਹੀਂ ਬੱਸ ਵਿੱਚ ਭੇਜੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਅਣਗਹਿਲੀ ਸਦਕਾ ਹੁੰਦੀ ਬੇਅਦਬੀ ਵਿਰੁੱਧ ਰੇਡੀਓ 'ਤੇ ਆਵਾਜ਼ ਉਠਾਈ ਸੀ, ਜਿਸ ਤੋਂ ਬਾਅਦ ਪਾਵਨ ਸਰੂਪਾਂ ਨੂੰ ਸੰਪੂਰਨ ਮਰਿਆਦਾ ਅਨੁਸਾਰ ਆਪਣੇ ਸਥਾਨਾਂ 'ਤੇ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਗਿੱਲ ਵੱਲੋਂ ਬੰਦਰਗਾਹਾਂ 'ਤੇ ਆਪਣੇ ਹੱਕਾਂ ਲਈ ਲੜਾਈ ਲੜਦੇ ਟਰੱਕ ਡਰਾਇਵਰਾਂ ਤੇ ਟਰਾਂਸਪੋਰਟਰਾਂ ਲਈ ਵੱਡਾ ਹਾਅ ਦਾ ਨਾਅਰਾ ਮਾਰਨਾ ਅਤੇ ਪੰਜਾਬ ਤੋਂ ਗਏ ਸਟੂਡੈਂਟਾਂ ਦੇ ਮਸਲਿਆਂ ਨੂੰ ਰੇਡੀਓ ਰਾਹੀਂ ਉਜਾਗਰ ਕਰਕੇ ਉੱਥੋਂ ਦੀ ਸਰਕਾਰ ਨੂੰ ਹੱਲ ਕਰਨ ਲਈ ਪ੍ਰੇਰਣਾ। ਇਸ ਤਰ੍ਹਾਂ ਦੇ ਅਨੇਕਾਂ ਹੀ ਮੁੱਦਿਆਂ ਨੂੰ ਗਿੱਲ ਵੱਲੋਂ ਰੇਡੀਓ ਦੇ ਜ਼ਰੀਏ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਗਿਆ। ਗਿੱਲ ਲੋਕ ਮਸਲਿਆਂ ਨੂੰ ਨਿਧੜਕ ਅਤੇ ਬੇਡਰ ਹੋ ਕੇ ਚੁੱਕਦਾ ਹੈ। ਇਹੀ ਕਾਰਨ ਹੈ ਕਿ ਗਿੱਲ ਨੂੰ ਟਿਕਟ ਮਿਲਣ ਨਾਲ ਪ੍ਰਵਾਸੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈ ਕਿ ਪਿੰਡ ਮਕਸੂਦੜਾ ਦੇ ਮੋਦਨ ਸਿੰਘ ਗਿੱਲ ਅਤੇ ਮਾਤਾ ਗੁਰਮੇਲ ਕੌਰ ਦੇ ਇਸ ਹੋਣਹਾਰ ਪੁੱਤਰ ਦਾ ਵੱਡਾ ਵੀਰ ਡਾ. ਬਲਜੀਤ ਸਿੰਘ ਗਿੱਲ ਯੂਨੀਵਰਸਿਟੀ ਕੈਲਗਰੀ ਵਿੱਚ ਡੀਨ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਪਤਨੀ ਸਤਵਿੰਦਰ ਕੌਰ ਗਿੱਲ, ਪੁੱਤਰ ਬਲਰਾਜ ਸਿੰਘ ਗਿੱਲ ਅਤੇ ਧੀ ਰਵਰਾਜ਼ ਕੌਰ ਨਾਲ ਮਿਲ ਕੇ ਲੋਕ ਮਸਲਿਆਂ ਲਈ ਲੜਨ ਵਾਲ਼ੇ ਹਰਜੀਤ ਸਿੰਘ ਨੂੰ ਚੜ੍ਹਦੇ ਪੰਜਾਬ ਅਤੇ ਮਿੰਨੀ ਪੰਜਾਬ ਵਿੱਚੋਂ ਸ਼ੁਭਕਾਮਨਾਵਾਂ ਪ੍ਰਾਪਤ ਹੋ ਰਹੀਆਂ ਹਨ।