ਖੰਨਾ, -ਖੰਨਾ ਸ਼ਹਿਰ ਦੀ ਵਧਦੀ ਆਬਾਦੀ, ਵਧਦੇ ਖੇਤਰ ਵੱਲ ਤੇ ਜੁਰਮਾਂ ਵਿਚ ਹੋਏ ਵਾਧੇ ਤੋਂ ਬਾਅਦ ਖੰਨਾ ਸ਼ਹਿਰ ਨੂੰ ਇਕ ਦੀ ਬਜਾਏ ਹੁਣ 2 ਸ਼ਹਿਰੀ ਥਾਣੇ ਸੰਭਾਲਣਗੇ | ਇਸ ਦੀ ਪੁਸ਼ਟੀ ਖੰਨਾ ਦੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਵੀ ਕਰ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਖੰਨਾ 'ਚ ਵਧਦਾ ਜੁਰਮ ਦਾ ਗਰਾਫ਼ ਕੰਟਰੋਲ ਕਰਨ ਲਈ ਅਜਿਹਾ ਕੀਤਾ ਜਾਣਾ ਜ਼ਰੂਰੀ ਸੀ | ਹੁਣ ਖੰਨਾ ਸ਼ਹਿਰ ਦੇ 2 ਐਸ. ਐਚ. ਓ. ਹੋਇਆ ਕਰਨਗੇ | ਆਜ਼ਾਦੀ ਦੇ ਬਾਅਦ ਇਕ ਹੀ ਸਿਟੀ ਥਾਣਾ ਖੰਨਾ ਸ਼ਹਿਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਆ ਰਿਹਾ ਸੀ ਪਰ ਹੁਣ ਇਕ ਹੋਰ ਸਿਟੀ ਥਾਣਾ ਖੰਨਾ ਨੂੰ ਮਿਲੇਗਾ | ਜਾਣਕਾਰੀ ਅਨੁਸਾਰ ਇਸ ਲਈ ਵਿਭਾਗ ਵਲੋਂ ਮਨਜ਼ੂਰੀ ਵੀ ਆ ਚੁੱਕੀ ਹੈ | ਇਨ੍ਹਾਂ ਥਾਣਿਆਂ ਦਾ ਨਾਂਅ ਹੁਣ ਸਿਟੀ 1 ਤੇ ਸਿਟੀ 2 ਹੋਵੇਗਾ | ਸਿਟੀ 1 ਜੀ. ਟੀ. ਰੋਡ ਤੋਂ ਰੇਲਵੇ ਲਾਈਨ ਪਾਸੇ ਵਾਲਾ ਹਿੱਸਾ ਹੋਵੇਗਾ ਤੇ ਸਿਟੀ 2 ਦੂਜੇ ਹਿੱਸੇ 'ਚ ਹੋਵੇਗਾ | ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਜੀ. ਟੀ. ਰੋਡ 'ਤੇ ਬਣੇ ਪੁਲਾਂ ਦੀ ਕੰਧ ਅਨੁਸਾਰ ਹੀ ਪੁਲਿਸ ਨੇ ਵੀ ਸ਼ਹਿਰ ਨੂੰ 2 ਹਿੱਸਿਆ 'ਚ ਵੰਡ ਦਿੱਤਾ ਹੈ |