Wednesday, July 4, 2018

ਟਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਹੇਮੰਤ ਕੁਮਾਰ ਮਲਹੋਤਰਾ ਵਲੋਂ ਆਮ ਲੋਕਾਂ ਨੂੰ ਅਪੀਲ

ਵਧਦੇ ਆਵਾਜ਼ ਪ੍ਰਦੂਸ਼ਣ ਕਾਰਨ ਇਨਸਾਨੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵ ਨੂੰ ਰੋਕਣ ਅਤੇ ਵੱਧ ਆਵਾਜ਼ ਪੈਦਾ ਕਰਨ ਵਾਲੇ ਪ੍ਰੈਸ਼ਰ ਹਾਰਨ ਲੱਗੇ ਵਾਹਨ ਚਾਲਕਾਂ ਖਿਲਾਫ ਕਾਰਵਾਈ ਸਬੰਧੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਜ਼ਿਲ੍ਹਾ ਟਰੈਫ਼ਿਕ ਪੁਲਿਸ ਵੱਲੋਂ ਅਮਲੋਹ ਚੌਂਕ ਵਿਖੇ ਸਾਂਝੇ ਤੌਰ 'ਤੇ ਨਾਕਾ ਲਗਾਇਆ ਗਿਆ ਅਤੇ ਵਾਹਨਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਵੱਲੋਂ ਕਰੀਬ 30 ਬੱਸਾਂ ਅਤੇ ਟਰੱਕਾਂ ਦੀ ਚੈਕਿੰਗ ਕੀਤੀ ਗਈ ਅਤੇ ਇੱਕ ਵਾਹਨ 'ਚੋਂ ਪ੍ਰੈਸ਼ਰ ਹਾਰਨ ਉਤਰਵਾਇਆ ਗਿਆ ਅਤੇ ਸਬੰਧਿਤ ਵਾਹਨ ਚਾਲਕ ਦਾ ਚਲਾਨ ਕੱਟਿਆ ਗਿਆ।  ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਆਰ.ਕੇ. ਨਈਅਰ ਨੇ ਚੈਕਿੰਗ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਟਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਚਾਲਕਾਂ ਨੂੰ ਰੋਕਣ ਲਈ ਲਗਾਏ ਗਏ ਨਾਕੇ ਦੌਰਾਨ 30 ਬੱਸਾਂ ਅਤੇ ਟਰੱਕਾਂ ਦੀ ਚੈਕਿੰਗ ਕੀਤੀ ਗਈ ਹੈ। ਜਾਂਚ ਦੌਰਾਨ ਇੱਕ ਟਰੱਕ ਉੱਪਰ ਲੱਗੇ ਪ੍ਰੈਸ਼ਰ ਹਾਰਨਾਂ ਨੂੰ ਉਤਾਰਿਆ ਗਿਆ ਅਤੇ ਵਾਹਨ ਚਾਲਕ ਦਾ ਚਲਾਨ ਕੱਟਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਕਿਸੇ ਵੀ ਹਾਲਤ 'ਚ ਬਖ਼ਸ਼ਿਆ ਨਹੀਂ ਜਾਵੇਗਾ। ਆਵਾਜ਼ ਪ੍ਰਦੂਸ਼ਣ ਵਾਤਾਵਰਣ ਨੂੰ ਹੋਰ ਵਧੇਰੇ ਦੂਸ਼ਿਤ ਕਰਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਬਣਾਏ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਪਟਾਕੇ ਵਜਾਉਣ ਵਾਲੇ ਸਲੰਸਰ ਵਾਹਨਾਂ ਤੇ ਨਾ ਲਗਾਏ ਜਾਣ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਜ਼ਿਲ੍ਹਾ ਟਰੈਫ਼ਿਕ ਪੁਲਿਸ ਹਾਈਵੇ ਨੂੰ ਪ੍ਰੈਸ਼ਰ ਹਾਰਨਾਂ ਤੇ ਪਟਾਕੇ ਵਜਾਉਣ ਵਾਲੇ ਮੋਟਰ ਸਾਈਕਲਾਂ ਤੋਂ ਮੁਕਤ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਆਵਾਜ਼ ਪ੍ਰਦੂਸ਼ਣ ਫੈਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਹੇਮੰਤ ਕੁਮਾਰ ਮਲਹੋਤਰਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਅਤੇ ਸੜਕ ਤੇ ਚੱਲਦੇ ਸਮੇਂ ਹਮੇਸ਼ਾ ਟਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਟਰੈਫ਼ਿਕ ਨਿਯਮਾਂ ਦੀ ਕੀਤੀ ਗਈ ਉਲੰਘਣਾ ਕਾਰਨ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਇਸ ਲਈ ਜ਼ਿਲ੍ਹੇ ਦੇ ਹਰੇਕ ਨਾਗਰਿਕ ਨੂੰ ਆਪ ਖ਼ੁਦ ਅਤੇ ਆਪਣੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨਾ ਚਾਹੀਦਾ ਹੈ। ਲੋਕ ਚਰਚੇ ਕਿਆ ਬਾਤ