ਖੰਨਾ/ਲੁਧਿਆਣਾ 01 ਅਗਸਤ (ਪ੍ਰੈਸ ਨੋਟ ਲੋਕ ਸੰਪਰਕ ਲੁਧਿਆਣਾ)
- ਪੰਜਾਬ ਸਰਕਾਰ ਵੱਲੋਂ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ ਮਿਤੀ 15 ਅਗਸਤ ਦਿਨ ਵੀਰਵਾਰ ਨੂੰ ਪਿੰਡ ਈਸੜੂ ਦੀ ਦਾਣਾ ਮੰਡੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਇਸ ਵਿੱਚ ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ, ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।ਇਸ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਉੱਪ-ਮੰਡਲ ਮੈਜਿਸਟਰੇਟ, ਖੰਨਾ ਸ਼੍ਰੀ ਸੰਦੀਪ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਹਾਲ ਤਹਿਸੀਲ ਦਫਤਰ ਖੰਨਾ ਵਿਖੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੀ ਸੰਦੀਪ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਹੁਣੇ ਤੋਂਂ ਹੀ ਤਿਆਰੀਆਂ ਸ਼ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦਿਆਂ ਸਖਤ ਸੁਰੱਖਿਆ ਅਤੇ ਹੋਰ ਪ੍ਰਬੰਧ ਕਰਨ ਬਾਰੇ ਕਿਹਾ ਗਿਆ। ਇਸ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਗਲੀ ਰਿਵਿਊ ਮੀਟਿੰਗ 08 ਅਗਸਤ, 2019 ਨੂੰ ਸਵੇਰੇ 11.00 ਵਜੇ ਦਾਣਾ ਮੰਡੀ, ਪਿੰਡ ਈਸੜੂ ਵਿਖੇ ਹੋਵੇਗੀ। ਇਸ ਮੋਕੇ ਤਹਿਸੀਲਦਾਰ ਖੰਨਾ ਸ਼੍ਰੀ ਹਰਮਿੰਦਰ ਸਿੰਘ ਹੁੰਦਲ, ਐਸ.ਪੀ.ਹੈੱਡਕੁਆਰਟਰ ਸ਼੍ਰੀ ਬਲਵਿੰਦਰ ਸਿੰਘ ਭੀਖੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।