ਮਲਟੀ ਲੇਅਰ ਵਾਲਾ ਰੰਗਦਾਰ ਪਲਾਸਟਿਕ ਮੌਜੂਦਾ ਦੌਰ 'ਚ ਇਨਸਾਨੀ ਲਈ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ ਕਿਉਂਕਿ ਇਸ ਨੂੰ ਨਾਂ ਤਾਂ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਸੀ ਅਤੇ ਨਾਂ ਹੀ ਇਹ ਪੂਰੀ ਤਰਾਂ ਨਸ਼ਟ ਹੁੰਦਾ ਹੈ। ਇਸ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਲਟੀ ਲੇਅਰ ਪਲਾਸਟਿਕ ਨੂੰ ਦੁਬਾਰਾ ਇਸਤੇਮਾਲ 'ਚ ਲਿਆਂਦੇ ਜਾਣ ਸਬੰਧੀ ਵਾਤਾਵਰਣ ਇੰਜੀਨੀਅਰਾਂ ਨੇ ਗੰਭੀਰਤਾ ਨਾਲ ਖੋਜ ਕੀਤੀ ਅਤੇ ਅਜਿਹੀ ਤਕਨੀਕ ਵਿਕਸਤ ਕੀਤੀ ਜਿਸ ਨਾਲ ਇਸ ਪਲਾਸਟਿਕ ਤੋਂ ਤੇਲ ਕੱਢਿਆ ਜਾ ਸਕਦਾ ਹੈ ਜੋ ਕਿ ਮੁੜ ਫ਼ੈਕਟਰੀਆਂ ਵਿੱਚ ਵਰਤਿਆ ਜਾ ਸਕਦਾ ਹੈ। ਉਪਰੋਕਤ ਜਾਣਕਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਤੇ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂ ਵੱਲੋਂ ਮਲਟੀ ਲੇਅਰ ਪਲਾਸਟਿਕ ਦਾ ਰੱਖ ਰਖਾਅ ਕਰਨ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਅਤੇ ਰੰਗਦਾਰ ਪਲਾਸਟਿਕ ਦੀ ਰਹਿੰਦ ਖੂੰਹਦ ਇਕੱਤਰ ਕਰਨ ਵਾਲੇ ਮਿਹਨਤਕਸ਼ਾਂ ਅਤੇ ਕਬਾੜੀਆਂ ਨਾਲ ਬੁਲਾਈ ਗਈ ਮੀਟਿੰਗ ਦੌਰਾਨ ਸਾਂਝੀ ਕੀਤੀ ਗਈ। ਮੀਟਿੰਗ ਦੌਰਾਨ ਪੀਪੀਸੀਬੀ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਮਲਟੀ ਲੇਅਰ ਰੰਗੀਨ ਪਲਾਸਟਿਕ ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਕਿ ਚਿਪਸ, ਕੁਰਕੁਰੇ, ਬਿਸਕੁਟ, ਚਾਕਲੇਟ, ਟਾਫ਼ੀਆਂ ਅਤੇ ਹੋਰ ਅਜਿਹੀਆਂ ਵਸਤਾਂ ਦੀ ਪੈਕਿੰਗ ਵਿੱਚ ਇਸਤੇਮਾਲ ਹੁੰਦਾ ਹੈ। ਬੋਰਡ ਵੱਲੋਂ ਖਾਣ ਪੀਣ ਦਾ ਸਮਾਨ ਪੈਕ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਨਾਲ ਤਾਲਮੇਲ ਕਰਕੇ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਮਲਟੀ ਲੇਅਰ ਪਲਾਸਟਿਕ ਦੀ ਰਹਿੰਦ ਖੂੰਹਦ ਦੇ ਰੱਖ ਰਖਾਅ ਲਈ ਜ਼ਿੰਮੇਵਾਰ ਹੋਵੇਗੀ। ਰਹਿੰਦ ਖੂੰਹਦ ਪੈਦਾ ਕਰਨ ਵਾਲੀ ਕੰਪਨੀ ਹੀ ਉਸ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰ ਹੁੰਦੀ ਹੈ। ਇਸ ਲਈ ਗਠਿਤ ਕੀਤੀ ਗਈ ਸੋਸਾਇਟੀ ਮਲਟੀ ਲੇਅਰ ਰੰਗੀਨ ਪਲਾਸਟਿਕ ਦੀ ਸੰਭਾਲ ਸਬੰਧੀ ਫ਼ੰਡ ਕਾਇਮ ਕਰੇਗੀ। ਚੇਅਰਮੈਨ ਕੇ.ਐਸ ਪੰਨੂ ਨੇ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਨੂੰ ਮਲਟੀ ਲੇਅਰ ਰੰਗੀਨ ਪਲਾਸਟਿਕ ਦੀ ਰਹਿੰਦ ਖੂੰਹਦ ਤੋਂ ਮੁਕਤ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਹ ਬੀੜਾ ਚੁੱਕਿਆ ਗਿਆ ਹੈ ਅਤੇ ਟੀਚਾ ਮਿਥਿਆ ਗਿਆ ਹੈ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਨੂੰ ਦੇਸ਼ ਭਰ ਚੋਂ ਸਭ ਤੋਂ ਪਹਿਲਾਂ ਰੰਗੀਨ ਪਲਾਸਟਿਕ ਮੁਕਤ ਜਿੱਲ੍ਹਾ ਹੋਣ ਦਾ ਮਾਣ ਪ੍ਰਾਪਤ ਹੋਵੇ। ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਉਹ ਰੰਗਦਾਰ ਪਲਾਸਟਿਕ ਨੂੰ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖ਼ਰੀਦੇਗਾ ਅਤੇ ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਤੇ ਸਥਾਪਤ ਕੀਤੇ ਗਏ ਪਲਾਂਟ 'ਚ ਇਸ ਪਲਾਸਟਿਕ ਤੋਂ ਪਾਇਰੋ ਤੇਲ ਕੱਢ ਕੇ ਵੇਚਿਆ ਜਾਵੇਗਾ ਜੋ ਕਿ ਫਰਨੇਸਾਂ ਵਿੱਚ ਇਸਤੇਮਾਲ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੋਰਡ ਵੱਲੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਵਿੱਚ ਇਹ ਤਜਰਬਾ ਕੀਤਾ ਗਿਆ ਸੀ ਜਿੱਥੇ ਕਿ 1250 ਕੁਇੰਟਲ ਰੰਗਦਾਰ ਪਲਾਸਟਿਕ ਇਕੱਤਰ ਕੀਤਾ ਗਿਆ। ਬੋਰਡ ਦੀ ਇਹ ਵੀ ਕੋਸ਼ਿਸ਼ ਹੈ ਕਿ ਇਸ ਪਲਾਸਟਿਕ ਦੇ ਬਰੀਕ ਟੁਕੜੇ ਕਰਕੇ ਲੁੱਕ ਅਤੇ ਬਜਰੀ ਵਿੱਚ ਮਿਲਾ ਕੇ ਇਸ ਨੂੰ ਸੜਕਾਂ ਦੇ ਨਿਰਮਾਣ ਵਿੱਚ ਵੀ ਵਰਤਿਆ ਜਾਵੇ। ਇਸ ਸਬੰਧ 'ਚ ਬੋਰਡ ਵੱਲੋਂ ਖੰਨਾ-ਇਕੋਲਾਹਾ ਸੜਕ ਦੇ ਨਿਰਮਾਣ ਤੇ ਅਜਿਹਾ ਤਜਰਬਾ ਕੀਤਾ ਗਿਆ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਨਾਲ ਵੀ ਸੜਕਾਂ ਦੇ ਨਿਰਮਾਣ ਵਿੱਚ ਪਲਾਸਟਿਕ ਦੀ ਵਰਤੋਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਮੀਟਿੰਗ ਦੌਰਾਨ ਐਸਡੀਐਮ ਅਮਲੋਹ ਜਸਪ੍ਰੀਤ ਸਿੰਘ, ਐਸਡੀਐਮ ਫ਼ਤਿਹਗੜ੍ਹ ਸਾਹਿਬ ਮਨਜੀਤ ਸਿੰਘ ਚੀਮਾ, ਐਸਡੀਐਮ ਖਮਾਣੋਂ ਇਸ਼ਾ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਕਰੁਨੇਸ਼ ਗਰਗ, ਸੀਨੀਅਰ ਵਾਤਾਵਰਣ ਇੰਜੀਨੀਅਰ ਸਮਰਜੀਤ ਗੋਇਲ, ਕਾਰਜਕਾਰੀ ਇੰਜੀਨੀਅਰ ਆਰ.ਕੇ ਨਈਅਰ, ਸਹਾਇਕ ਇੰਜੀਨੀਅਰ ਨਵਤੇਜ ਸਿੰਗਲਾ ਆਦਿ ਤੋਂ ਇਲਾਵਾ ਸਮੂਹ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਲੋਕ ਚਰਚੇ ਕਿਆ ਬਾਤ