ਅੰਬਾਂ ਨੂੰ ਪੈ ਗਿਆ ਬੂਰ ਨੀ ਜਿੰਦ ਠੇਡੇ ਖਾਂਦੀ,
ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
ਸ਼ਯਾਮ ਘਟਾਂ ਚੜ੍ਹ ਆਈਆਂ ਅੰਬਰੀਂ ਦਿਲ ਪਿਆ ਡੋਬੇ ਖਾਵੇ।
ਸਿਰ ਤੋਂ ਪੈਰਾਂ ਤੀਕ ਨੇ ਅੱਥਰੂ ਜਿਸਮ ਪਿਘਲਦਾ ਜਾਵੇ।
ਤਨ ਦਾ ਭਖ਼ੇ ਤੰਦੂਰ ਨੀ ਜਿੰਦ ਠੇਡੇ ਖਾਂਦੀ।
ਨਾ ਮੈਂ ਵਰੀ ਵਿਆਹੀ ਨਾ ਮੈਂ ਮਹਿੰਦੀ ਤਲੀਏ ਲਾਈ।
ਇਹ ਬਦਲੋਟੀ ਯਾਦਾਂ ਬਣ ਕੇ ਕਿੱਦਾਂ ਮਨ ਮੰਦਰ ਵਿੱਚ ਆਈ।
ਕੋਈ ਤਾਂ ਕਸਰ ਜ਼ਰੂਰ ਨੀ ਜਿੰਦ ਠੇਡੇ ਖਾਂਦੀ।
ਕੱਚੇ ਘਰ ਦੇ ਵਿਹੜੇ ਸੀ ਮੈਂ ਅੰਬ ਦਾ ਬੂਟਾ ਲਾਇਆ।
ਇਸ ਨੂੰ ਲੋਕੀਂ ਕਹਿਣ ਮੁਹੱਬਤ ਜਿਸ ਨੂੰ ਪਾਣੀ ਪਾਇਆ।
ਅੰਬੀਆਂ ਨੇ ਭਰਪੂਰ ਨੀ ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
ਪੰਛੀ ਤੇ ਪਰਦੇਸੀ ਕਹਿੰਦੇ ਇੱਕ ਟਾਹਣੀ ਨਹੀਂ ਬਹਿੰਦੇ।
ਜਿੱਧਰ ਚੋਗ ਮਿਲੇ ਤੁਰ ਜਾਂਦੇ ਇੱਕ ਥਾਂ ਤੇ ਨਾ ਰਹਿੰਦੇ।
ਭੁੱਲ ਗਈ ਮੈਂ ਦਸਤੂਰ ਨੀ ਜਿੰਦ ਠੇਡੇ ਖਾਂਦੀ।
ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
🍋🍋🍋🍋🍋🍋🍋🍋
ਸੰਪਰਕ: 98726 31199