ਲੁਧਿਆਣਾ, 2 ਅਪ੍ਰੈਲ (ਪ੍ਰੈਸ ਨੋਟ ਲੋਕ ਸੰਪਰਕ ਲੁਧਿਆਣਾ)-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਜੇਕਰ ਕੋਈ ਵੀ ਵਿਅਕਤੀ ਕਰਫਿਊ/ਲੌਕਡਾਊਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ ਉਲੰਘਣਾ ਦੇ 93 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਭਵਿੱਖ ਵਿੱਚ ਵੀ ਜੇਕਰ ਕੋਈ ਵਿਅਕਤੀ ਉਲੁੰਘਣਾ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਉਨਾਂ ਨੇ ਅੱਜ ਸ਼ਹਿਰ ਲੁਧਿਆਣਾ ਅਤੇ ਦਿਹਾਤੀ ਖੇਤਰਾਂ ਦਾ ਦੌਰਾ ਕੀਤਾ ਹੈ, ਜਿਸ ਵਿੱਚ ਦੇਖਿਆ ਗਿਆ ਕਿ ਲੋਕ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਉਨਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਵਿਅਕਤੀਆਂ ਲਈ ਸ਼ਹਿਰ ਲੁਧਿਆਣਾ ਵਿੱਚ ਚਾਰ ਓਪਨ ਜੇਲਾਂ ਬਣਾਈਆਂ ਗਈਆਂ ਹਨ, ਉਸੇ ਤਰਜ਼ 'ਤੇ ਹੁਣ ਜਗਰਾਂਉ ਅਤੇ ਖੰਨਾ ਵਿੱਚ ਵੀ ਓਪਨ ਜੇਲਾਂ ਬਣਾਈਆਂ ਜਾਣਗੀਆਂ, ਜਿੱਥੇ ਉਲੰਘਣਾ ਕਰਨ ਵਾਲਿਆਂ ਨੂੰ ਬੰਦ ਕੀਤਾ ਜਾਇਆ ਕਰੇਗਾ।
ਨਿੱਜੀ ਹਸਪਤਾਲਾਂ ਵੱਲੋਂ ਬਿਮਾਰ ਮਰੀਜ਼ਾਂ ਨੂੰ ਭਰਤੀ ਨਾ ਕਰਨ ਬਾਰੇ ਮਿਲੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਗਰਵਾਲ ਨੇ ਸਮੂਹ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਥਿਤੀ ਵਿੱਚ ਅਜਿਹੇ ਮਰੀਜ਼ਾਂ ਨੂੰ ਦਰਕਿਨਾਰ ਨਾ ਕਰੇ। ਉਨਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਹਰੇਕ ਬਿਮਾਰ ਵਿਅਕਤੀ ਕੋਰੋਨਾ ਬਿਮਾਰੀ ਤੋਂ ਪੀੜਤ ਹੋਵੇ। ਇਸ ਕਰਕੇ ਕਿਸੇ ਵੀ ਡਾਕਟਰ ਜਾਂ ਹਸਪਤਾਲ ਵੱਲੋਂ ਅਜਿਹੇ ਮਰੀਜ਼ਾਂ ਨੂੰ ਇਲਾਜ਼ ਤੋਂ ਮਨਾਂ ਨਹੀਂ ਕਰਨਾ ਚਾਹੀਦਾ ਹੈ।
ਉਨਾਂ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਦਾ ਕੰਮ ਹੁਣ ਪੂਰੀ ਤਰਾਂ ਸੁਚਾਰੂ ਤਰੀਕੇ ਨਾਲ ਚਾਲੂ ਹੈ। ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆ ਰਹੀ। ਉਨ•ਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਇਸੇ ਤਰਾਂ ਲੋਕਾਂ ਤੱਕ ਸਪਲਾਈ ਨਿਰੰਤਰ ਯਕੀਨੀ ਬਣਾਈ ਜਾਵੇਗੀ।
ਪ੍ਰਵਾਸੀ ਲੋਕਾਂ ਦੀ ਆਪਣੇ ਸੂਬਿਆਂ ਨੂੰ ਪਲਾਇਨ ਬਾਰੇ ਪੁੱਛੇ ਜਾਣ 'ਤੇ ਉਨਾਂ ਕਿਹਾ ਕਿ ਲੋਕਾਂ ਦਾ ਇਹ ਪਲਾਇਨ ਹੁਣ ਰੁਕ ਗਿਆ ਹੈ। ਉਨਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ ਅਤੇ ਉÎੱਤਰ ਪ੍ਰਦੇਸ਼ ਦੇ ਸੂਬਿਆਂ ਦੀ ਸਰਹੱਦਾਂ ਸੀਲ ਕੀਤੀਆਂ ਹੋਈਆਂ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਪ੍ਰਵਾਸੀ ਮਜਦੂਰਾਂ ਦੀ ਸਹੂਲਤ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ੈਲਟਰ ਹੋਮ ਬਣਾਏ ਗਏ ਹਨ, ਜਿੱਥੇ ਊਨਾ ਨੂੰ ਭੇਜਿਆ ਜਾ ਰਿਹਾ ਹੈ।
ਨਿਜ਼ਾਮੂਦੀਨ (ਨਵੀਂ ਦਿੱਲੀ) ਤੋਂ ਆਏ ਕੁਝ ਲੋਕਾਂ ਬਾਰੇ ਪੁੱਛੇ ਜਾਣ 'ਤੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ 17 ਵਿਅਕਤੀਆਂ ਦੇ ਆਉਣ ਬਾਰੇ ਸੂਚਨਾ ਪ੍ਰਾਪਤ ਹੋਈ ਸੀ, ਜਿਨਾਂ ਵਿੱਚੋਂ 7-8 ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨਾਂ ਦਾ ਮੈਡੀਕਲ ਕਰਵਾਇਆ ਗਿਆ ਹੈ, ਜਦਕਿ ਬਾਕੀ ਵਿਅਕਤੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 200 ਮਰੀਜ਼ਾਂ ਨੇ ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 144 ਨਮੂਨੇ ਨੈਗੇਟਿਵ, 4 ਪਾਜ਼ੀਟਿਵ (3 ਲੁਧਿਆਣਾ 1 ਜਲੰਧਰ) ਪਾਏ ਗਏ ਹਨ, ਜਦਕਿ 52 ਨਮੂਨਿਆਂ ਦਾ ਨਤੀਜਾ ਆਉਣਾ ਬਾਕੀ ਹੈ। ਅੱਜ ਸਥਾਨਕ ਸੀ. ਐੱਮ. ਸੀ. ਹਸਪਤਾਲ ਵਿਖੇ ਹੋਈਆਂ ਦੋ ਮੌਤਾਂ ਬਾਰੇ ਉਨਾਂ ਸਪੱਸ਼ਟ ਕੀਤਾ ਕਿ ਇਨਾਂ ਮੌਤਾਂ ਪਿੱਛੇ ਕਾਰਨ ਕੋਈ ਹੋਰ ਸਨ ਪਰ ਫਿਰ ਵੀ ਸਿਹਤ ਵਿਭਾਗ ਵੱਲੋਂ ਇਨਾਂ ਦੇ ਨਮੂਨੇ ਲਏ ਗਏ ਹਨ, ਜਿਨਾਂ ਦਾ ਨਤੀਜਾ ਆਉਣ 'ਤੇ ਹੀ ਅੱਗੇ ਦੱਸਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉਨਾਂ ਜ਼ਿਲਾ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।