ਲੁਧਿਆਣਾ, 27 ਮਾਰਚ (ਪ੍ਰੈਸ ਨੋਟ
) - ਘੱਟ ਸਮੇਂ ਵਿੱਚ ਵਾਇਰਸ ਦੀ ਲੜੀ ਨੂੰ ਤੋੜਨ ਅਤੇ ਵੱਡੀ ਆਬਾਦੀ ਨੂੰ ਵੈਕਸੀਨੇਸ਼ਨ ਲਗਾਉਣ ਲਈ ਵਿੱਢੀ ਗਈ ਮੁਹਿੰਮ 'ਵੈਕਸੀਨ ਐਟ ਡੋਰਸਟੈਪਸ' (ਬੂਹੇ 'ਤੇ ਵੈਕਸੀਨ) ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਮਾਡਲ ਟਾਊਨ ਐਕਸਟੈਨਸ਼ਨ ਖੇਤਰ ਦੇ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਕੋਵਿਡ ਟੀਕਾਕਰਨ ਕੈਂਪ ਦੀ ਸ਼ੁਰੂਆਤ ਕੀਤੀ।
ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਐਸ.ਡੀ.ਐਮ. ਸ.ਅਮਰਿੰਦਰ ਸਿੰਘ ਮੱਲ੍ਹੀ ਦੇ ਨਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਵੈਕਸੀਨੇਸ਼ਨ ਲਈ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਟੀਕੇ ਦੀ ਮੰਗ ਨੂੰ ਪੂਰਾ ਕਰਨ ਲਈ ਕੈਂਪਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਵੈਕਸੀਨੇਸ਼ਨ ਕਰਾਉਣ ਤੋਂ ਝਿੱਜਕ ਰਹੇ ਸਨ ਪਰ ਹੁਣ ਲੋਕਾਂ ਦੇ ਘਰਾਂ ਨੇੜੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਨਤਾ ਵੱਲੋਂ ਇਸ ਮੁਹਿੰਮ ਦਾ ਸਵਾਗਤ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ 'ਵੈਕਸੀਨ ਐਟ ਡੋਰਸਟੈਪਸ' ਦੀ ਪਹਿਲ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿੱਚ ਖੜਨ ਦੀ ਜਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀਆਂ/ਪਿੰਡਾਂ/ਰਿਹਾਇਸ਼ੀ ਸੁਸਾਇਟੀਆਂ ਜਾਂ ਨਿੱਂਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸ਼ਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਲਈ ਭੇਜੇਗਾ, ਜਿੱਥੋਂ ਇਹ ਕਾਲ ਆਵੇਗੀ।
ਲੋਕਾਂ ਨੂੰ ਬੇਝਿੱਜਕ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਇਸ ਟੀਕੇ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ.
ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਨਿਰਾਸ਼ ਸਨ ਅਤੇ ਟੀਕੇ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਜਦੋਂ ਹੁਣ ਵੈਕਸੀਨ ਮੌਜੂਦ ਹੈ, ਤਾਂ ਲੋਕਾਂ ਨੂੰ ਇਸ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਵੈਕਸੀਨ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਲੋਕਾਂ ਨੂੰ ਤਹਿਦਲ ਨਾਲ ਸਮਰਥਨ ਦੀ ਮੰਗ ਕਰਦਿਆਂ ਨਿਗਮ ਕੌਂਸਲਰ ਮਮਤਾ ਆਸ਼ੂ ਨੇ ਭਾਈ ਰਣਧੀਰ ਸਿੰਘ ਨਗਰ ਵਿਖੇ ਹਾਊਸਿੰਗ ਬੋਰਡ ਕਲੋਨੀ ਵਿਖੇ ਅਜਿਹੇ ਹੀ ਇੱਕ ਹੋਰ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਲੋਕਾਂ ਲਈ ਇਹ ਸਭ ਤੋਂ ਉੱਤਮ ਪ੍ਰਣਾਲੀ ਹੈ ਕਿਉਂਕਿ ਕਤਾਰ ਵਿੱਚ ਖੜੇ ਹੋਣ ਅਤੇ ਸਮਾਂ ਬਰਬਾਦ ਕਰਨ ਦੀ ਬਜਾਏ ਸਿਹਤ ਟੀਮਾਂ ਉਨ੍ਹਾਂ ਦੇ ਘਰ ਜਾ ਕੇ ਟੀਕੇ ਲਗਾਉਣਗੀਆਂ। ਉਨ੍ਹਾਂ ਇਲਾਕਾ ਕੌਂਸਲਰ ਸੀਮਾ ਕਪੂਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਕਪੂਰ ਨੂੰ ਵੀ ਇਸ ਵਿਸ਼ੇਸ਼ ਕੈਂਪ ਦੇ ਆਯੋਜਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁਬਾਰਵਾਦ ਦਿੱਤੀ।
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਵੀ ਲੋਕਾਂ ਨੂੰ ਅੱਗੇ ਆ ਕੇ ਦਿਲੋਂ ਟੀਕੇ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਐਨ.ਜੀ.ਓ, ਉਦਯੋਗਿਕ ਸੰਸਥਾਵਾਂ, ਮੈਰਿਜ ਪੈਲੇਸ/ਰੈਸਟੋਰੈਂਟ/ਹੋਟਲ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕੈਂਪ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਅਸੀਂ ਆਪਣੇ ਸਮਾਜ ਵਿਚੋਂ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰ ਸਕਾਂਗੇ।
ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਿਚ ਪ੍ਰਧਾਨ ਸੁਰਿੰਦਰਪਾਲ ਸਿੰਘ ਬਿੰਦਰਾ, ਜਨਰਲ ਸੱਕਤਰ ਲਾਲੀ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਲੋਕ ਸੰਪਰਕ ਅਫਸਰ ਪੁਨੀਤ ਪਾਲ ਸਿੰਘ ਗਿੱਲ, ਨਿਤਿਨ ਟੰਡਨ, ਅਮਨ ਮਹਿਰਾ, ਬਿੱਟੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।