ਦੋਰਾਹਾ, 25 ਮਾਰਚ
ਇਲਾਕੇ ਦੇ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਓਬਰਾਏ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਵੱਡੇ ਭਰਾ ਰਣਜੀਤ ਸਿੰਘ ਖਾਲਸਾ ਅੱਜ ਸਵੇਰੇ ਅਚਾਨਕ ਦਿਲ ਦੀ ਧਡ਼ਕਣ ਬੰਦ ਹੋਣ ਕਾਰਨ ਸਦੀਵੀਂ ਵਿਛੋਡ਼ਾ ਦੇ ਗਏ। ਉਹ 73 ਵਰ੍ਹਿਆਂ ਦੇ ਸਨ, ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਧਾਰਮਿਕ ਕੰਮਾਂ ਵਿਚ ਲਾਈ ਤੇ ਇਕ ਸਿੱਖ ਮਿਸ਼ਨਰੀ ਵਜੋਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਪਿਛਲੇ 50 ਵਰ੍ਹਿਆਂ ਤੋਂ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਲਡ਼ ਲਾਉਂਦੇ ਹੋਏ ਧਾਰਮਿਕ ਸਿੱਖਿਆ ਦਿੱਤੀ ਅਤੇ ਹਜ਼ਾਰਾਂ ਬੱਚਿਆਂ ਨੂੰ ਧਾਰਿਮਕ ਸਿੱਖਿਆ ਦੇਣ ਲਈ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਧਾਰਮਿਕ ਕੈਂਪ ਲਾਏ। ਇਥੋਂ ਤੱਕ ਕਿ ਉਹ ਲੋਡ਼ਵੰਦ ਬੱਚਿਆਂ ਦੀ ਨਿਰੰਤਰ ਆਰਥਿਕ ਮਦਦ ਵੀ ਕਰਦੇ ਰਹੇ। ਉਹ ਆਪਣੇ ਪਿੱਛੇ ਜੀਵਨ ਸਾਥਣ ਅਮਰਜੀਤ ਕੌਰ ਅਤੇ ਦੋ ਪੁੱਤਰ ਹਰਜੀਤ ਸਿਘ ਓਬਰਾਏ (ਰਾਜੂ) ਅਤੇ ਜਸਬੀਰ ਸਿੰਘ ਰਿੰਕੂ ਛੱਡ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਦੋਰਾਹਾ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਵਿੱਦਿਅਕ ਜੱਥੇਬੰਦੀਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।