ਦੋਰਾਹਾ, 24 ਜੂਨ -ਦੋਰਾਹਾ ਨਗਰ ਕੌਂਸਲ ਵਿਖੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਵਿਸ਼ੇਸ਼ ਮੀਟਿੰਗ ਐੱਸ. ਡੀ. ਐੱਮ. ਪਾਇਲ ਪ੍ਰੀਤਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਬੁਲਾਈ ਗਈ। ਜਿਸ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਨਗਰ ਕੌਂਸਲ ਦੋਰਾਹਾ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਆਪ ਦੇ ਕੌਂਸਲਰ ਕੰਵਲਜੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਨਮੋਲ ਸ਼ਰਮਾ ਐਨੀ ਦਾ ਨਾਮ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਪੇਸ਼ ਕੀਤਾ, ਜਿਸ ਦੀ ਤਾਈਦ ਕੌਂਸਲਰ ਰਾਹੁਲ ਬੈਕਟਰ ਰਿੱਕੀ ਨੇ ਕੀਤੀ। ਉਪਰੰਤ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਪੂਜਾ, ਪ੍ਰੀਆ ਸ਼ਰਮਾ, ਸੁਦਰਸ਼ਨ ਕੁਮਾਰ ਪੱਪੂ, ਜਸਵੰਤ ਕੌਰ ਲੋਹਟ, ਹਰਜੀਤ ਕੌਰ, ਅਮਰੀਕ ਸਿੰਘ ਅਤੇ ਪੰਕਜ ਗੌਤਮ ਨੇ ਅਨਮੋਲ ਸ਼ਰਮਾ ਐਨੀ ਦੇ ਹੱਕ ਵਿਚ ਸਮਰਥਨ ਕਰਦਿਆਂ ਸਰਬਸੰਮਤੀ ਨਾਲ ਐਨੀ ਸ਼ਰਮਾ ਨੂੰ ਨਗਰ ਕੌਂਸਲ ਦੋਰਾਹਾ ਦਾ ਪ੍ਰਧਾਨ ਚੁਣ ਲਿਆ। ਇਸ ਤੋਂ ਬਾਅਦ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਕੰਵਲਜੀਤ ਸਿੰਘ ਬਿੱਟੂ ਦਾ ਨਾਮ ਕੌਂਸਲਰ ਪ੍ਰੀਆ ਸ਼ਰਮਾ ਨੇ ਪੇਸ਼ ਕੀਤਾ, ਜਿਸ ‘ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਰਬ ਸੰਮਤੀ ਨਾਲ ਬਿੱਟੂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਕੌਂਸਲਰ ਤਮੰਨਾ ਮਲਹੋਤਰਾ, ਕੁਲਵੰਤ ਸਿੰਘ, ਬਾਬਾ ਇੰਦਰਜੀਤ ਸਿੰਘ ਸ਼ਾਲੂ, ਰਣਜੀਤ ਕੌਰ ਗਹੀਰ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਹਰਨਰਿੰਦਰ ਸਿੰਘ ਸ਼ੇਰਗਿੱਲ, ਆਲ ਟਰੇਡ ਯੂਨੀਅਨ ਦੇ ਪ੍ਰਧਾਨ ਬੌਬੀ ਤਿਵਾੜੀ, ਐੱਸ. ਪੀ. ਸ਼ੁਕਲਾ, ਪ੍ਰੀਤਮ ਸਿੰਘ ਜੱਗੀ, ਕਰਿਆਨਾ ਯੂਨੀਅਨ ਦੇ ਦਲਜੀਤ ਸਿੰਘ ਪੱਪੂ, ਬਲਜਿੰਦਰ ਸਿੰਘ ਜੰਡੂ, ਕਿਸਾਨ ਆਗੂ ਹਰਜੰਟ ਸਿੰਘ ਬਲਾਲਾ, ਸ਼ਰਨਜੀਤ ਸਿੰਘ ਮਿੱਠੂ, ਪ੍ਰਗਟ ਸਿੰਘ ਸਿਆੜ, ਅਭੈ ਸਿੰਘ ਜੱਲਾ, ਹਰਨੇਕ ਸਿੰਘ ਨੇਕੀ, ਸਾਬਕਾ ਕੌਂਸਲਰ ਰਣਜੀਤ ਸਿੰਘ ਦੋਰਾਹਾ ਤੇ ਬਲਾਕ ਸੰਮਤੀ ਮੈਂਬਰ ਕਰਮਜੀਤ ਸਿੰਘ ਰਾਜਗੜ੍ਹ ਤੋਂ ਇਲਾਵਾ ਆਪ ਦੇ ਆਗੂ ਤੇ ਵਰਕਰ ਹਾਜ਼ਰ ਸਨ। ਇਸ ਸਮੇਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਵਿਧਾਇਕ ਗਿਆਸਪੁਰਾ ਨੇ ਨਵੇਂ ਚੁਣੇ ਪ੍ਰਧਾਨ ਐਨੀ ਸ਼ਰਮਾ ਤੇ ਉਪ ਪ੍ਰਧਾਨ ਬਿੱਟੂ ਦਾ ਸਵਾਗਤ ਕਰਦੇ ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆਮ ਆਦਮੀ ਪਾਰਟੀ ਦਾ ਕੌਂਸਲਰ ਦੋਰਾਹਾ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਐਨੀ ਸ਼ਰਮਾ ਨੇ ਵਿਧਾਇਕ ਗਿਆਸਪੁਰਾ ਸਮੇਤ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਉਹ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।