Thursday, September 10, 2026

ਨਸ਼ਿਆਂ ਖ਼ਿਲਾਫ਼ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਨਵੇਕਲੀ ਪਹਿਲ, ਸੱਥ ’ਚ ਲੋਕਾਂ ਨਾਲ ਜ਼ਮੀਨ ’ਤੇ ਬੈਠ ਕੇ ਮੰਗਿਆ ਸਹਿਯੋਗ*






ਖੰਨਾ, ਲੁਧਿਆਣਾ 10 ਸਤੰਬਰ:


ਨਸ਼ਿਆਂ ਦੇ ਖਾਤਮੇ ਲਈ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਿੱਧਾ ਰਾਬਤਾ ਕਾਇਮ ਕਰਨ ਦੀ ਦਿਸ਼ਾ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਗਈ। ਨਸ਼ਿਆਂ ਦੇ ਹੌਟਸਪੌਟ ਵਜੋਂ ਚਰਚਿਤ ਪਿੰਡ ਬਿਲਾਸਪੁਰ, ਦੋਰਾਹਾ ਵਿਖੇ ਪਹੁੰਚੇ ਐਸ.ਐਸ.ਪੀ ਨੇ ਅਫ਼ਸਰਸ਼ਾਹੀ ਵਾਲਾ ਰਵਾਇਤੀ ਰਵੱਈਆ ਛੱਡਦਿਆਂ ਪਿੰਡ ਦੀ ਸੱਥ ਵਿੱਚ ਲੋਕਾਂ ਦੇ ਨਾਲ ਖੁਦ ਜ਼ਮੀਨ ’ਤੇ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਸਬੰਧੀ ਫੀਡਬੈਕ ਤੇ ਸੁਝਾਅ ਲਏ।


ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਇਸ ਪਹਿਲ ਦਾ ਮੁੱਖ ਮਕਸਦ ਲੋਕਾਂ ਨੂੰ ਇਹ ਸੁਨੇਹਾ ਦੇਣਾ ਸੀ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਦੀ ਇਕੱਲੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦਾ ਸਹਿਯੋਗ ਵੀ ਜ਼ਰੂਰੀ ਹੈ। 

 ਉਨ੍ਹਾਂ ਸੱਥ ਵਿੱਚ ਮੌਜੂਦ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ, ਪਰ ਜਦੋਂ ਤੱਕ ਲੋਕ ਪੁਲਿਸ ਦਾ ਸਾਥ ਨਹੀਂ ਦੇਣਗੇ, ਉਦੋਂ ਤੱਕ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਮੁਸ਼ਕਲ ਰਹੇਗਾ।


ਖਾਸ ਗੱਲ ਇਹ ਰਹੀ ਕਿ ਸੱਥ ਵਿੱਚ ਕੁਰਸੀਆਂ ਮੌਜੂਦ ਹੋਣ ਦੇ ਬਾਵਜੂਦ ਐਸ.ਐਸ.ਪੀ ਨੇ ਉਨ੍ਹਾਂ ’ਤੇ ਬੈਠਣ ਦੀ ਬਜਾਏ ਪਿੰਡ ਵਾਸੀਆਂ ਨਾਲ ਜ਼ਮੀਨ ’ਤੇ ਬੈਠ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਲੋਕਾਂ ਨੂੰ ਕੋਈ ਉਪਦੇਸ਼ ਜਾਂ ਹੁਕਮ ਦੇਣ ਨਹੀਂ, ਬਲਕਿ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਅ ਅਤੇ ਜ਼ਮੀਨੀ ਹਕੀਕਤ ਜਾਣਨ ਲਈ ਇੱਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੁਲਿਸ ਅਤੇ ਲੋਕਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ।


ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹੈ ਤਾਂ ਉਸ ਬਾਰੇ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਇਸੇ ਤਰ੍ਹਾਂ ਨਸ਼ਿਆਂ ਦੀ ਵਰਤੋਂ ਕਰ ਰਹੇ ਨੌਜਵਾਨਾਂ ਬਾਰੇ ਵੀ ਪੁਲਿਸ ਅਤੇ ਸਬੰਧਤ ਵਿਭਾਗਾਂ ਨੂੰ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਹਿਯੋਗ ਕੀਤਾ ਜਾ ਸਕਦਾ ਹੈ।


ਐਸ.ਐਸ.ਪੀ ਨੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਖ਼ਤ ਕਾਰਵਾਈ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਸ਼ਿਆਂ ਸਬੰਧੀ ਮਿਲਣ ਵਾਲੀ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।


ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਲੁਧਿਆਣਾ ਰੇਂਜ ਦੇ ਡੀ.ਆਈ.ਜੀ ਸੰਦੀਪ ਗੋਇਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਸਬੰਧੀ ਜ਼ਿਲ੍ਹਾ, ਵਿਧਾਨ ਸਭਾ ਅਤੇ ਬਲਾਕ ਪੱਧਰ ਦੇ ਕੋਆਰਡੀਨੇਟਰਾਂ ਤੋਂ ਫੀਡਬੈਕ ਲਿਆ ਗਿਆ ਸੀ। ਇਸੇ ਮੀਟਿੰਗ ਤੋਂ ਬਾਅਦ ਐਸਐਸਪੀ ਖੰਨਾ ਵੱਲੋਂ ਆਪਣੀ ਟੀਮ ਸਮੇਤ ਅਗਲੇ ਦਿਨ ਹੀ ਗਰਾਊਂਡ ਪੱਧਰ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਕੀਤਾ ਗਿਆ।


ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਪੁਲਿਸ ਇਕੱਲੀ ਨਹੀਂ, ਸਗੋਂ ਪੂਰਾ ਸਮਾਜ ਇੱਕ ਟੀਮ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਣਗੇ।