Friday, October 9, 2020

ਰੰਧਾਵਾ ਵੱਲੋਂ ਵੇਰਕਾ ਦੀਆਂ ਵਿਸ਼ੇਸ਼ ਪਸ਼ੂ ਖੁਰਾਕਾਂ ਅਤੇ ਸਪਲੀਮੈਂਟਸ ਲਾਂਚ

 ਲ



ਖੰਨਾ, 9 ਅਕਤੂਬਰ(ਪ੍ਰੈਸ ਨੋਟ ਲੋਕ ਸੰਪਰਕ ਵਿਭਾਗ)


ਵੇਰਕਾ ਕੈਟਲ ਫੀਡ ਪਲਾਂਟ ਡੇਅਰੀ ਫਾਰਮਿੰਗ ਨੂੰ ਇੱਕ ਟਿਕਾਊ, ਸਥਿਰ ਅਤੇ ਲਾਭਕਾਰੀ ਧੰਦਾ ਬਣਾਉਣ ਲਈ ਵੱਖ ਵੱਖ ਕਿਸਮਾਂ ਦੀ ਉੱਚ ਮਿਆਰ ਦੀ ਪਸ਼ੂ ਖੁਰਾਕ ਤਿਆਰ ਅਤੇ ਇਸਦਾ ਮੰਡੀਕਰਨ ਕਰਦਾ ਹੈ। ਵੇਰਕਾ ਨੇ ਕਈ ਵਿਸ਼ੇਸ਼ ਪਸ਼ੂ ਖੁਰਾਕਾਂ ਅਤੇ ਸਪਲੀਮੈਂਟਸ ਲਾਂਚ ਕੀਤੇ ਹਨ ਜਿਵੇਂ ਕਿ ਗਰਭ ਅਵਸਥਾ ਲਈ ਫੀਡ, ਵੱਛੇ ਨੂੰ ਸ਼ੁਰੂ ਵਿੱਚ ਦਿੱਤੀ ਜਾਣ ਵਾਲੀ ਖੁਰਾਕ, ਵੱਛੇ ਦੇ ਵਾਧੇ ਲਈ ਖ਼ੁਰਾਕ, ਪੰਜੀਰੀ ਫੀਡ, ਸਮਰ ਫੀਡ ਆਦਿ ਜਿਸਨੂੂੰੰ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

 

ਡੇਅਰੀ ਕਿਸਾਨਾਂ ਦੀ ਸਹਾਇਤਾ ਲਈ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਟਲ ਫੀਡ ਪਲਾਂਟ, ਖੰਨਾ ਵਿਖੇ ਵੇਰਕਾ ਫਰਟੀਲਿਟੀ ਬੋਲਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੁਧਾਰੂ ਪਸ਼ੂਆਂ ਵਿੱਚ ਬਾਂਝਪਨ ਨਾਲ ਡੇਅਰੀ ਕਿਸਾਨਾਂ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਪਹੁੰਚਾਉਂਦਾ ਹੈ ਅਤੇ ਛੇ ਹਫ਼ਤਿਆਂ ਲਈ ਫਰਟੀਲਿਟੀ ਬੋਲਸ ਦੀ ਵਰਤੋਂ ਉਨ੍ਹਾਂ ਦੇ ਦੁਧਾਰੂ ਪਸ਼ੂਆਂ ਵਿੱਚ ਬਾਂਝਪਨ ਦੇ ਮਸਲਿਆਂ ਨੂੰ ਕਾਫ਼ੀ ਹੱਦ ਤੱਕ ਹੱਲ ਕਰੇਗੀ। ਉਨ੍ਹਾਂ ਨੇ ਕਿਸਾਨਾਂ ਦੀ ਸਿਖਲਾਈ ਲਈ ਨਵੇਂ ਬਣੇ ਕਾਨਫਰੰਸ ਹਾਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਫੈਕਟਰੀ ਦਾ ਦੌਰਾ ਕੀਤਾ ਅਤੇ ਕੈਟਲ ਫੀਡ ਪਲਾਂਟ, ਖੰਨਾ ਦੇ ਕੰਮ ਕਰਨ `ਤੇ ਤਸੱਲੀ ਪ੍ਰਗਟ ਕੀਤੀ।

 

ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਕੈਟਲ ਫੀਡ ਪਲਾਂਟ, ਖੰਨਾ ਅਤੇ ਘਣੀਆ-ਕੇ-ਬਾਂਗਰ ਦੋਵੇਂ ਦੁਧਾਰੂ ਪਸ਼ੂਆਂ ਲਈ ਉੱਚ ਮਿਆਰੀ ਦੀ ਪਸ਼ੂ ਖੁਰਾਕ ਅਤੇ ਸਪਲੀਮੈਂਟਸ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵੇਰਕਾ ਕਲੀਨਿਕਲ ਮਾਸਟਾਈਟਸ ਦੇ ਇਲਾਜ ਲਈ ਐਥਨੋ ਵੈਟਰਨਰੀ ਅਧਾਰਤ ਹਰਬਲ ਦਵਾਈ ਦੀ ਸ਼ੁਰੂਆਤ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਡੇਅਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਲਕਫੈਡ ਦੁਆਰਾ ਤਿਆਰ ਕੀਤੀ ਵਿਸ਼ੇਸ਼ ਫੀਡ, ਮਾਸਟਾਈਟਸ ਰੋਕਥਾਮ ਫੀਡ ਦੀ ਵਰਤੋਂ ਕਰਨ ਜੋ ਦੁਧਾਰੂ ਪਸ਼ੂਆਂ ਨੂੰ ਮਾਸਟਾਈਟਸ ਪ੍ਰਤੀ ਪ੍ਰਤੀਰੋਧ ਪੈਦਾ ਕਰਨ ਵਿੱਚ ਸਹਾਇਤਾ ਕਰਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਦੁਧਾਰੂ ਪਸ਼ੂਆਂ ਵਿੱਚ ਮਾਸਟਾਈਟਸ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਨਿਯਮਿਤ ਤੌਰ `ਤੇ ਮਾਸਟਾਈਟਸ ਡਿਟੈਕਸ਼ਨ ਸਟਰਿੱਪ ਦੀ ਵਰਤੋਂ ਕਰਨ ਲਈ ਕਿਹਾ।ਸਬਕਲੀਨਿਕਲ ਅਤੇ ਕਲੀਨਿਕਲ ਮਾਸਟਾਈਟਸ ਨੂੰ ਦੁਧਾਰੂ ਪਸ਼ੂਆਂ ਦੇ ਥਣਾਂ `ਚੋੋਂ ਲਏ ਦੁੱਧ ਵਿੱਚ ਸਟਰਿੱਪਸ (ਪੱਟੀਆਂ) ਡੁਬੋ ਕੇ ਪਤਾ ਲਗਾਇਆ ਜਾ ਸਕਦਾ ਹੈ, ਇਹ ਸਟਰਿੱਪਸ ਡੇਅਰੀ ਉਤਪਾਦਕਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ।

 

ਵੇਰਕਾ ਕੈਟਲ ਫੀਡ ਪਲਾਂਟ, ਖੰਨਾ ਦੇ  ਜਨਰਲ ਮੈਨੇਜਰ ਆਸ਼ੀਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਵੇਰਕਾ ਡੇਅਰੀ ਫਾਰਮਰਾਂ ਨੂੰ ਨਿਰਵਿਘਨ ਮਿਆਰੀ ਪਸ਼ੂ ਖ਼ੁਰਾਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

 

ਇਸ ਮੌਕੇ ਐਸਡੀਐਮ ਖੰਨਾ ਸੰਦੀਪ ਸਿੰਘ, ਡਿਪਟੀ ਰਜਿਸਟਰਾਰ ਸੰਗਰਾਮ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ, ਮਿਲਕਫੈਡ ਦੇ ਪਸ਼ੂ ਆਹਾਰ ਬਾਰੇ ਸਲਾਹਕਾਰ ਡਾ. ਐਮ.ਆਰ. ਗਰਗ, ਸੀਨੀਅਰ ਵਿਗਿਆਨੀ ਪਸ਼ੂ ਆਹਾਰ, ਗਡਵਾਸੂ ਡਾ. ਆਰ.ਐਸ. ਗਰੇਵਾਲ, ਪ੍ਰਮੁੱਖ ਸਖ਼ਸ਼ੀਅਤਾਂ ਸਮੇਤ ਕਈ ਅਗਾਂਹ ਵਧੂ ਕਿਸਾਨ ਮਜੂਦ ਸਨ।

——