Friday, April 3, 2015

 ਬਾਲੀਵੁੱਡ ਦਿਵਸ’ ਦਾ ਆਯੋਜਨ ਕੀਤਾ 


ਦੇਸ਼ ਭਗਤ ਯੂਨੀਵਰਸਿਟੀ ਦੇ ਮੀਡੀਆ ਵਿਭਾਗ ਅਤੇ ਦੇਸ਼ ਭਗਤ ਰੇਡੀਓ 107.8 ਐਫ.ਐਮ., ਆਪ ਕੀ ਅਵਾਜ਼ ਵਲੋਂ ‘ਚੰਡੀਗੜ੍ਹ ਬਾਲੀਵੁੱਡ ਦਿਵਸ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਜਸਬੀਰ ਢਿਲੋਂ, ਅਦਾਕਾਰ ਤੇ ਗਾਇਕ ਗੈਰੀ ਵੜੈਚ ਅਤੇ ਅਦਾਕਾਰਾ ਸੁਮਨਦੀਪ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਕੇਕ ਕੱਟਦੇ ਹੋਏ ਇਸ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਯੂਨੀਵਰਸਿਟੀ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਇੰਜੀਨੀਅਰ ਸੰਦੀਪ ਸਿੰਘ (ਵਾਈਸ ਪ੍ਰੈਜੀਡੈਂਟ ਦੇਸ਼ ਭਗਤ ਯੁਨਾਈਟਡ ਅਤੇ ਡਾਇਰੈਕਟਰ ਦੇਸ਼ ਭਗਤ ਰੇਡੀਓ) ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ, ਦੇਸ਼ ਭਗਤ ਯੁਨਾਈਟਿਡ ਅਤੇ ਦੇਸ਼ ਭਗਤ ਰੇਡੀਓ ਦੀ ਵਾਈਸ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਇਸ ਦਿਵਸ ਨੂੰ ਮਨਾਉਣ ਦਾ ਇਹ ਲਗਾਤਾਰ ਤੀਜਾ ਸਾਲ ਹੈ। ਜ਼ਿਕਰਯੋਗ ਹੈ ਕਿ ਬਾਲੀਵੁੱਡ ਜਗਤ ਵਿਚ 3 ਅਪ੍ਰੈਲ ਦਾ ਦਿਨ ਇਸ ਲਈ ਮਹੱਤਪੂਰਨ ਹੈ ਕਿਉਂਕਿ ਇਸ ਦਿਨ ਮਹਾਨ ਕਲਾਕਾਰ ਅਮਿਤਾਭ ਬੱਚਨ, ਹੇਮਾਮਾਲਿਨੀ, ਸ਼ਾਹਰੁਖ ਖਾਨ, ਰਾਣੀ ਮੁਖਰਜੀ, ਪ੍ਰੀਤੀ ਜ਼ਿੰਟਾ ਅਤੇ ਉੱਘੇ ਫਿਲਮ ਨਿਰਦੇਸ਼ਕ ਸਵ: ਯਸ਼ ਚੋਪੜਾ ਫਿਲਮ ‘ਵੀਰਜ਼ਾਰਾ’ ਦੀ ਸ਼ੂਟਿੰਗ ਲਈ 200 ਵਿਅਕਤੀਆਂ ਦੀ ਵਿਸ਼ਾਲ ਟੀਮ ਸਹਿਤ ਹੋਟਲ ਮਾਊਂਟਵਿਊ ਵਿਖੇ ਇਕ ਛੱਤ ਹੇਠ ਇਕੱਤਰ ਹੋਏ ਸਨ। ਇਹ ਫਿਲਮ ਦੀ ਪ੍ਰੋਡਕਸ਼ਨ ਦਾ ਪ੍ਰਬੰਧ ਦਰਸ਼ਨ ਔਲਖ ਵਲੋਂ ਕੀਤਾ ਗਿਆ ਸੀ ਅਤੇ ਇਸਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹੋਈ ਸੀ। ਇਸ ਲਈ ਅੱਜ ਦਾ ਦਿਨ ਚੰਡੀਗੜ੍ਹ ਦੀ ਬਾਲੀਵੁੱਡ ਜਗਤ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਐਕਟਿੰਗ ਦੇ ਖੇਤਰ ਵਿਚ ਰਾਸ਼ਟਰੀ ਪੁਰਸਕਾਰ ਵਿਜੇਤਾ ਬਾਲ ਕਲਾਕਾਰ ਪ੍ਰਗਤੀ ਤ੍ਰਿਖਾ ਇਸ ਵਿਸ਼ਾਲ ਟੀਮ ਵਿਚ ਸ਼ਾਮਿਲ ਸੀ ਅਤੇ ਉਸਨੇ ਪ੍ਰਸਿੱਧ ਫਿਲਮੀ ਸਿਤਾਰਿਆਂ ਨਾਲ ਇਕ ਸਕੂਲ ਵਿਦਿਆਰਥਣ ਵਜੋਂ ਫਿਲਮ ਵਿਚ ਰੋਲ ਕੀਤਾ ਸੀ।
ਇਸ ਮੌਕੇ ਤੇ ਬੋਲਦਿਆਂ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ, ਦੇਸ਼ ਭਗਤ  ਯੂਨਾਈਟਿਡ ਅਤੇ ਦੇਸ਼ ਭਗਤ ਰੇਡੀਓ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ‘ਇਸ ਦਿਨ ਅਤੇ ਤਾਰੀਕ ਤੋਂ ਚੰਡੀਗੜ੍ਹ  ਸ਼ਹਿਰ ਨੇ ਫਿਲਮ ਜਗਤ ਦੇ ਕਲਾਕਾਰਾਂ ਅਤੇ ਨਿਰਦੇਸ਼ਕਾਂ ਨੂੰ ਸ਼ੂਟਿੰਗ ਲਈ ਆਕਰਸ਼ਿਤ ਕਰਨਾ ਸ਼ੁਰੂ ਕੀਤਾ। ਇਸ ਦੇ ਨਤੀਜੇ ਵਜੋਂ ਹਰ ਪੰਜਾਬੀ ਫਿਲਮ ਦਾ ਨਿਰਦੇਸ਼ਕ ਆਪਣੀ ਫਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਅਤੇ ਇਸਦੇ ਨਾਲ ਲੱਗਦੇ ਮੁਹਾਲੀ ਅਤੇ ਪੰਚਕੂਲਾ ਵੱਲ ਦੌੜਦਾ ਹੈ।