Sunday, December 6, 2015

ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ 'ਲੋਕ ਮਿਲਣੀਆਂ'

*
ਸਮਰਾਲਾ/ਲੁਧਿਆਣਾ, 5 ਦਸੰਬਰ (dpro press note
)-ਆਮ ਲੋਕਾਂ ਦੀਆਂ ਲੋੜਾਂ ਅਤੇ ਮੁਸ਼ਕਿਲਾਂ ਨੂੰ ਨੇੜੇ ਹੋ ਕੇ ਪਤਾ ਲਗਾਉਣ ਅਤੇ ਪ੍ਰਸਾਸ਼ਕੀ ਕਾਰਜ ਪ੍ਰਣਾਲੀ ਬਾਰੇ ਪੁਖ਼ਤਾ ਫੀਡਬੈਕ ਲੈਣ ਦੇ ਮਨਸ਼ੇ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਸ੍ਰ. ਗੁਰਪ੍ਰੀਤ ਸਿੰਘ ਗਿੱਲ ਵੱਲੋਂ ਅੱਜ ਸਬ ਡਵੀਜ਼ਨ ਸਮਰਾਲਾ ਦੇ 13 ਪਿੰਡਾਂ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ, ਜਿਸ ਨੂੰ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੀ ਆਖ਼ਰੀ ਸਬ ਡਵੀਜ਼ਨ ਦੇ ਆਖ਼ਰੀ ਪਿੰਡਾਂ ਨੂੰ ਚੁਣਿਆ ਗਿਆ ਤਾਂ ਕਿ ਪ੍ਰਸਾਸ਼ਨਿਕ ਕਾਰਜਾਂ ਦੀ ਅਸਲ ਕਾਰਗੁਜ਼ਾਰੀ ਪਤਾ ਲੱਗ ਸਕੇ।
ਜ਼ਿਲ੍ਹਾ ਪ੍ਰਸਾਸ਼ਨ ਦੀ ਇਸ ਨਵੀਂ ਪਹਿਲਕਦਮੀ ਦੇ ਪਹਿਲੇ ਦਿਨ ਚਾਰ ਪਿੰਡਾਂ ਵਿੱਚ ਰੱਖੇ ਗਏ ਮਿਲਣੀ ਪ੍ਰੋਗਰਾਮਾਂ ਦੌਰਾਨ ਪਿੰਡ ਮਾਦਪੁਰ ਵਿਖੇ ਪਿੰਡ ਮਾਦਪੁਰ, ਖੱਟਰਾਂ, ਘੁਲਾਲ ਤੇ ਬਿਜਲੀਪੁਰ, ਪਿੰਡ ਟੋਡਰਪੁਰ ਵਿਖੇ ਪਿੰਡ ਟੋਡਰਪੁਰ, ਹੇੜੀਆਂ, ਕੋਟਾਲਾ ਅਤੇ ਗਹਿਲੇਵਾਲ, ਪਿੰਡ ਹੇਡੋਂ ਬੇਟ ਵਿਖੇ ਪਿੰਡ ਹੇਡੋਂ ਬੇਟ, ਬਰਸਾਲ ਕਲਾਂ, ਹੰਬੋਵਾਲ ਬੇਟ, ਸਲਾਣਾ ਬੇਟ ਅਤੇ ਰਾਇਪੁਰ ਬੇਟ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਮਿਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਐੱਸ. ਡੀ. ਐੱਮ. ਸਮਰਾਲਾ ਸ਼੍ਰੀਮਤੀ ਅਨੁਪ੍ਰਿਤਾ ਜੌਹਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।