ਖੰਨਾ ਦੀਆਂ ਸੜਕਾਂ ਤੇ ਰਤਨਹੇੜੀ ਪੁਲ ਬਣਾਉਣ ਸਬੰਧੀ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਓਐੱਸਡੀ ਡਾ. ਗੁਰਮੁੱਖ ਸਿੰਘ ਚਾਹਲ ਵੱਲੋਂ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਵਿਜੈ ਇੰਦਰ ਸਿੰਗਲਾ ਨੂੰ ਮਿਲੇ। ਡਾ. ਚਾਹਲ ਨੇ ਉਨ੍ਹਾਂ ਨੂੰ ਹਲਕੇ ਦੀਆਂ ਸੜਕਾਂ ਦੇ ਹਲਾਤਾਂ ਬਾਰੇ ਜਾਣੂ ਕਰਵਾਇਆ ਤੇ ਸੜਕਾਂ ਨੂੰ ਜਲਦੀ ਬਣਾਉਣ ਦੀ ਬੇਨਤੀ ਕੀਤੀ ਤਾਂ ਜੋ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ। ਡਾ. ਚਾਹਲ ਨੇ ਮੰਤਰੀ ਸਿੰਗਲਾ ਨੂੰ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਖੰਨਾ ਹਲਕੇ 'ਚ ਸੜਕਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪਿੰਡਾਂ ਦੀਆਂ ਲਿੰਕ ਸੜਕਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ ਵੀ ਬਣਾਈਆਂ ਗਈਆਂ ਸਨ। ਇਸ ਲਈ ਲੋਕਾਂ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਹੀ ਸੜਕਾਂ ਦੀ ਹਾਲਤ ਸੁਧਰਨ ਦੀ ਆਸ ਹੈ। ਇਸ ਲਈ ਖ਼ਸਤਾ ਹਾਲਤ ਸੜਕਾਂ ਪਹਿਲ ਦੇ ਆਧਾਰ 'ਤੇ ਬਣਾਈਆਂ ਜਾਣ ਤਾਂ ਜੋ ਲੋਕ ਪ੍ਰੇਸ਼ਾਨੀਆਂ ਤੋਂ ਨਿਜਾਤ ਪਾ ਸਕਣ। ਚਾਹਲ ਨੇ ਦੱਸਿਆ ਕਿ ਰਤਨਹੇੜੀ ਫਾਟਕਾਂ 'ਤੇ ਪੁੱਲ ਨਿਰਮਾਣ ਦੀ ਫੌਰੀ ਲੋੜ ਹੈ। ਇਸ ਤੋਂ ਰੋਜ਼ਾਨਾ ਹਜਾਰਾਂ ਲੋਕ ਇਧਰ-ਉੱਧਰ ਲੰਘਦੇ ਹਨ। ਡਾ. ਚਾਹਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਿੰਗਲਾ ਨੇ ਭਰੋਸਾ ਦਿੱਤਾ ਕਿ ਖੰਨਾ ਹਲਕੇ ਦੀਆਂ ਸੜਕਾਂ ਦੀ ਹਾਲਤ ਜਲਦੀ ਹੀ ਸੁਧਾਰੀ ਜਾਵੇਗੀ। ਹਲਕੇ ਦੀਆਂ 130 ਕਿਲੋਮੀਟਰ ਦੀਆਂ ਸੜਕਾਂ ਪਾਸ ਹੋ ਚੁੱਕੀਆਂ ਹਨ, ਜਿੰਨ੍ਹਾਂ ਦਾ ਕੰਮ ਬਹੁਤ ਜਲਦ ਹੀ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਦਸ ਸਾਲ ਤੋਂ ਜੋ ਸੜਕਾਂ ਦੀ ਤਰਸਯੋਗ ਹਾਲਤ ਸੀ, ਨੂੰ ਠੀਕ ਕਰਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ 'ਚ ਹਲਕੇ ਦੀ ਨੁਹਾਰ ਬਦਲੀ ਜਾਵੇਗੀ।