Friday, June 29, 2018

ਡੀਲਰਾਂ ਨੂੰ ਦਵਾਈ ਤੇ ਖ਼ਾਦਾਂ ਖ਼ਰੀਦਣ ਵਾਲੇ ਕਿਸਾਨਾਂ ਨੂੰ ਪੱਕੇ ਬਿੱਲ ਦੇਣ ਦੀਆਂ ਹਿਦਾਇਤਾਂ

ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਦੇ ਦਿਸ਼ਾਂ-ਨਿਰਦੇਸ਼ਾਂ ਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਖੰਨਾ ਸ਼ਹਿਰ 'ਚ ਪੈਸਟੀਸਾਈਡਜ਼ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਦੀ ਅਗਵਾਈ 'ਚ ਦਵਾਈ ਡੀਲਰਾਂ ਤੇ ਕਿਸਾਨਾਂ ਨਾਲ ਬੈਠਕ ਵੀ ਕੀਤੀ ਗਈ। ਜਿਸ 'ਚ ਜਿੱਥੇ ਡੀਲਰਾਂ ਨੂੰ ਦਵਾਈ ਤੇ ਖ਼ਾਦਾਂ ਖ਼ਰੀਦਣ ਵਾਲੇ ਕਿਸਾਨਾਂ ਨੂੰ ਪੱਕੇ ਬਿੱਲ ਦੇਣ ਦੀਆਂ ਹਿਦਾਇਤਾਂ
ਕੀਤੀਆਂ ਗਈਆਂ ਉੱਥੇ ਹੀ ਕਿਸਾਨਾਂ ਨੂੰ ਪੱਕੇ ਬਿੱਲ ਲੈਣ ਲਈ ਜਾਗਰੂਕ ਵੀ ਕੀਤਾ ਗਿਆ। ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਦਵਾਈ ਤੇ ਖਾਦਾਂ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਪੱਕੇ ਬਿੱਲਅ ਦੀ ਮੰਗ ਕਰਨ, ਜੇਕਰ ਕੋਈ ਦੁਕਾਨਦਾਰ ਇਨਕਾਰ ਕਰਦਾ ਹੈ ਤਾਂ ਉਸਦੀ ਸਿਕਾਇਤ ਖੇਤੀਬਾੜੀ ਵਿਭਾਗ ਕੋਲ ਕੀਤੀ ਜਾਵੇ, ਬਿੱਲ ਦੇਣ ਤੋਂ ਮਨ੍ਹਾਂ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਦ ਤੇ ਦਵਾਈ ਵਰਤਣ ਤੋਂ ਬਾਅਦ ਕਈ ਖ਼ਰਾਬੀ ਨਿਕਲਦੀ ਹੈ ਤਾਂ ਪੱਕੇ ਬਿੱਲ ਹੋਣ ਦੀ ਸੂਰਤ 'ਚ ਕਿਸਾਨਾਂ ਨੂੰ ਲਾਭ ਮਿਲੇਗਾ ਤੇ ਮਾੜੀ ਦਵਾਈ ਦੇਣ ਵਾਲੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਹੋਵੇਗੀ। ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਝੋਨੇ ਦੀ ਫ਼ਸਲ 'ਚ ਡੀਏਪੀ ਖ਼ਾਦ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਦੀ ਖੇਤ ਨੂੰ ਹੁਣ ਲੋੜ ਨਹੀਂ ਹੈ। ਯੂਰੀਆਂ ਖ਼ਾਦ ਦੇ ਵੀ ਸਿਰਫ਼ 2 ਥੈਲੇ ਹੀ ਪਾਏ ਜਾਣ। ਡੀਲਰਾਂ ਵੱਲੋਂ ਅਧਿਕਾਰੀਆਂ ਨੂੰ ਯਕੀਨ ਦਿਵਾਇਆ ਕਿ ਉਹ ਕਿਸਾਨਾਂ ਨੂੰ ਪੱਕੇ ਬਿੱਲ ਹੀ ਦੇਣਗੇ। ਇਸ ਨਾਲ ਸਾਡਾ ਵੀ ਫਾਇਦਾ ਹੈ। ਇਸ ਮੋਕੇ ਈਸ਼ਵਰ ਗੁਪਤਾ, ਪ੍ਰਮੋਦ ਸ਼ਰਮਾ, ਅਜਮੇਰ ਸਿੰਘ ਭੱਟੀ, ਬਲਰਾਮ ਗੁਪਤਾ, ਪ੍ਰਿਤਪਾਲ ਕੂਕੂ, ਮਨੀਸ਼ ਮੈਨਰੋ ਨਾਜ਼ਰ ਸਿੰਘ ਆਦਿ ਹਾਜ਼ਰ ਸਨ