Friday, December 7, 2018

ਕਿਆ ਬਾਤ ਹੈ

ਮੈਨੂੰ ਹੱਸਣ ਲਈ ਨਾ ਕਹੋ 

ਗੁਰਭਜਨ ਗਿੱਲ

ਸੀਰੀਆ ਦੀ ਬੱਚੀ ਠੀਕ ਕਹਿੰਦੀ ਹੈ
ਫੋਟੋਗਰਾਫ਼ਰ ਜੀ
ਮੈਨੂੰ ਹੱਸਣ ਲਈ ਨਾ ਕਹੋ।
ਮੇਰਾ ਗੋਲੀਆਂ ਵਿੰਨ੍ਹਿਆ ਬਸਤਾ
ਉਸ ਵਿੱਚ ਖਿੱਲਰੇ ਅੱਖਰ
ਡੁਸਕਦੇ, ਵਿਲਕਦੇ
ਸੁੱਕੀ ਸਿਆਹੀ ਵਾਲੇ ਪੈੱਨ
ਰੰਗੀਨ ਪੈਨਸਿਲਾਂ
ਸਹਿਮ ਕੇ ਸਿਆਹ ਹੋਈਆਂ।
ਮੈਨੂੰ ਹੱਸਣ ਲਈ ਨਾ ਕਹੋ।

ਕਬਰਾਂ ਚ ਸੁੱਤਾ ਪਿਆ ਮੇਰਾ ਬਾਬਲ
ਨਾਲ ਦੀ ਕਬਰੇ ਮਾਂ
ਗੁਆਚ ਗਏ ਨੇ ਭੈਣ ਭਰਾ
ਮਰ ਗਏ ਜਾਂ ਤੁਰ ਗਏ
ਕਿਤੇ ਦੂਰ ਦੇਸ ਸ਼ਰਨਾਰਥੀ ਬਣੇ
ਮੈਨੂੰ ਕੱਖ ਨਹੀਂ ਪਤਾ।
ਫੋਟੋਗਰਾਫ਼ਰ ਜੀ
ਮੈਨੂੰ ਹੱਸਣ ਲਈ ਨਾ ਕਹੋ।

ਮਾਰੇ ਗਏ ਲੱਖਾਂ ਕਬਰੀਂ ਪਏ ਲੋਕ
ਪੁੱਛਦੇ ਹਨ
ਅਜੇ ਵੀ ਗੋਲੀਆਂ ਚੱਲਦੀਆਂ ਨੇ
ਜੀਂਦੀ ਧਰਤੀ ਤਾਂ ਸਾਡੇ ਹੁੰਦਿਆਂ ਹੀ
ਮਰ ਮੁੱਕ ਗਈ ਸੀ।
ਕੌਣ ਬੀਜਦਾ ਹੈ ਫ਼ਸਲਾਂ ਸਾਡੇ ਬਾਅਦ
ਬਾਰੂਦ ਉੱਗਦਾ ਹੈ ਅਜੇ ਵੀ
ਦੱਸਿਓ!
ਕੌਣ ਲਾਉਂਦਾ ਹੈ ਧਰਤੀ ਨੂੰ ਪਾਣੀ
ਜਾਂ ਅਜੇ ਅੱਥਰੂ ਹੀ ਪੀਂਦੀ ਹੈ!
ਇਨ੍ਹਾਂ ਸਵਾਲਾਂ ਦੀ ਗੋਲਾਬਾਰੀ ਵਿੱਚ
ਫੋਟੋਗਰਾਫ਼ਰ ਜੀ,
ਮੈਨੂੰ ਹੱਸਣ ਲਈ ਨਾ ਕਹੋ।

ਮੈਨੂੰ ਤਾਂ ਚਿਰੋਕਣਾ ਭੁੱਲ ਗਿਆ ਹੈ
ਹੱਸਣਾ ,ਖੇਡਣਾ,ਵਾਲਾਂ ਚ ਕੰਘੀ ਫੇਰਨਾ
ਮੇਰੀਆਂ ਦੋ ਗੁੱਤਾਂ ਤੇ ਗੁਲਾਬੀ ਫੁੱਲ
ਮਾਂ ਹੀ ਲੈ ਗਈ ਸੀ ਆਪਣੇ ਨਾਲ।

ਉਸ ਦਾ ਗੋਲੀਆਂ ਵਿੰਨਿਆ ਜਿਸਮ
ਹੁਣ ਵੀ ਰਾਤਾਂ ਨੂੰ ਸੌਣ ਨਹੀਂ ਦਿੰਦਾ।
ਉਸ ਦਾ ਤੜਫ਼ ਤੜਫ਼ ਮਰਨਾ
ਮੇਰੇ ਵੱਲ ਤੱਕਣਾ
ਮੇਰੇ ਹਾਸੇ ਲੈ ਗਿਆ ਹੈ।

ਸਖੀਆਂ ਸਹੇਲੀਆਂ ਮੇਰੇ ਵਾਂਗ ਹੀ
ਘਰੋਂ ਨਹੀਂ ਨਿਕਲਦੀਆਂ
ਘਰੋ ਘਰੀ ਤੁਰਦੀ ਫਿਰਦੀ ਦਹਿਸ਼ਤ
ਪੱਕੇ ਜੰਦਰੇ ਬਣ ਗਈ ਹੈ।
ਉੱਜੜਨ ਉਜਾੜਨ ਦਾ ਨਾਮ
ਬਣ ਗਿਆ ਹੈ ਮੇਰਾ ਵਤਨ।
ਮੈਨੂੰ ਹੱਸਣ ਲਈ ਨਾ ਕਹੋ।

ਦਾਨਵੀਰ ਆਉਂਦੇ ਹਨ
ਰਾਸ਼ਨ ਪਾਣੀ ਲੈ ਕੇ
ਮੂਰਤਾਂ ਖਿਚਵਾ ਕੇ ਪਰਤ ਜਾਂਦੇ ਹਨ
ਪਿੱਛੇ ਛੱਡ ਜਾਂਦੇ ਹਨ
ਕੁਝ ਦਿਨ ਹੋਰ ਜੀਣ ਦੀ
ਘਿਸਰਦੀ ਸਹਿਮ ਦੀ ਕਾਲੀ ਲਕੀਰ।

ਬੰਦਿਆਂ ਦੀ ਨਹੀਂ,
ਬਦੀਆਂ ਦੀ ਹਕੂਮਤ ਹੈ ਚਾਰ ਚੁਫ਼ੇਰ
ਉਸਤਰਿਆਂ ਦੀ ਮਾਲਾ ਪਾ ਕੇ
ਨਿਰੰਤਰ ਦੌੜ ਰਹੀ ਹਾਂ
ਜ਼ਿੰਦਗੀ ਦੀ ਭਾਲ ਵਿੱਚ
ਪਰ ਹਰ ਗਿੱਠ ਤੇ ਫੇਰ
ਕਬਰ ਆ ਜਾਂਦੀ ਹੈ।
ਪੈਰ ਟਿਕਾਉਣ ਲਈ ਹੀ ਧਰਤੀ ਨਹੀਂ
ਹਾਸੇ  ਕਿਲਕਾਰੀਆਂ ਕਿੱਥੇ ਬੀਜੀਏ?
ਮੈਨੂੰ ਹੱਸਣ ਲਈ ਨਾ ਕਹੋ।

ਹਾਕਮ ਹੁਕਮ ਹਕੂਮਤਾਂ
ਗੁੰਮ ਗੁਆਚ ਗਈਆਂ ਜਾਪਦੀਆਂ
ਮੰਗਣ ਵਾਲਾ ਠੂਠਾ ਬਣ ਗਿਆ ਹੈ
ਵਤਨ ਦਾ ਨਕਸ਼ਾ ਲਹੂ ਲੁਹਾਣ
ਤਾਰੋ ਤਾਰ ਧਰਮ ਧਰਾਤਲ ਤੇ ਧਰਵਾਸ
 ਗੁੰਮ ਗਈ ਹੈ ਮੁੜ ਪੁੰਗਰਨ ਦੀ ਆਸ।

ਫੋਟੋਗਰਾਫ਼ਰ ਜੀ
ਸਾਡੇ ਤਾਂ ਸਾਜ਼ ਵੀ ਗੁੰਗੇ ਹੋ ਗਏ ਨੇ
ਸੁਰੀਲੀਆਂ ਆਵਾਜ਼ਾਂ ਦੀ ਰੱਤ ਪੀ ਗਈ
ਜਾਨ ਲੇਵਾ ਦਹਿਸ਼ਤੀ  ਸਰਾਲ
ਤੁਰੀ ਫਿਰਦੀ ਹੈ ਅਗਨ
ਲਗਰਾਂ ਲੂੰਹਦੀ, ਸਾੜਦੀ।

ਇਹ ਕਿਹੜਾ ਧਰਮ ਹੈ?
ਮੌਤ ਦਾ ਰਾਗ ਅਲਾਪਦਾ
ਸਾਥੋਂ ਮਾਪੇ, ਅੱਖਰ, ਰੰਗ ਤੇ ਬਸਤੇ,
ਸੁਰ ਤੇ ਤਾਲ ਖੋਂਹਦਾ
ਰਬਾਬ ਦੀਆਂ ਤਾਰਾਂ ਚ ਜਾਲੇ ਲਾਉਂਦਾ
ਬਾਲਾਂ ਨੂੰ ਬਾਲਣ ਬਣਾਉਂਦਾ
ਗੁੱਡੀਆਂ ਪਟੋਲਿਆਂ ਦੀ ਬੇਹੁਰਮਤੀ
ਬੇਸ਼ਰਮੀ ਨਾਲ ਪੱਤ ਨਾਲ ਖੇਡਦਾ।
ਇਸ ਮੌਸਮ ਵਿੱਚ ਤਾਂ ਦੀਵੇ ਵੀ ਸ਼ਰਮਸਾਰ,ਅਵਾਜਾਰ ਬੇਸ਼ੁਮਾਰ।

ਅਮਨ ਦੀ ਘੁੱਗੀ ਉੱਡ ਗਈ ਹੈ
ਮੂੰਹ ਚ ਜੈਤੂਨ ਦੀ ਪੱਤੀ ਲੈ ਕੇ।
ਚਿੱਟੇ ਝੰਡੇ ਵਾਲੇ ਭਾਈ ਕਿੱਧਰ ਗਏ?
ਕੋਈ ਕਿਉਂ ਨਹੀਂ ਪੁੱਛਦਾ?
ਬਾਦਸ਼ਾਹੋ!
ਅਗਨ ਖੇਡ ਕਦੋਂ ਤੀਕ ਖੇਡਣੀ।
ਕਦੋਂ ਕੱਢਣੇ ਨੇ ਧਰਤੀ ਤੇ ਨਵੇਂ ਸਿਆੜ
ਬੀਜਣੇ ਨੇ ਸਾਵੇ ਸੁਪਨ ਬੀਜ
ਗੁਲਾਬ ਦੀਆਂ ਕਲਮਾਂ ਕਦੋਂ ਲਾਉਗੇ।
ਫੋਟੋਗਰਾਫਰ ਜੀ,
ਸਾਨੂੰ ਰੋਂਦਿਆਂ ਨੂੰ ਹੱਸਣ ਲਈ
ਕਹਿਣੋਂ ਪਹਿਲਾਂ ਉਨ੍ਹਾਂ ਨੂੰ ਜ਼ਰੂਰ ਪੁੱਛਿਓ
ਅਸੀਂ ਜੀਉਣਾ ਚਾਹੁੰਦੇ ਹਾਂ
🌹🌹🌹🌹🌹🌹🌹
ਸੰਪਰਕ: 98726  31199