Saturday, February 3, 2024

ਭੋਗ ਉੱਤੇ ਵਿਸ਼ੇਸ਼ - ਮਾਸਟਰ ਗੁਰਨਾਮ ਸਿੰਘ ਨਾਰੰਗਵਾਲ

 


ਨਾਰੰਗਵਾਲ - ਮਾਸਟਰ ਗੁਰਨਾਮ ਸਿੰਘ ਵੱਲੋਂ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਪਾਏ ਗਏ ਅਣਥੱਕ ਯੋਗਦਾਨ ਦੇ ਕਾਰਨ ਉਹਨਾਂ ਨੂੰ ਡੇਹਲੋਂ ਅਤੇ ਨਾਲ ਲੱਗਦੇ ਇਲਾਕੇ ਵਿੱਚ 'ਮਾਸਟਰ ਜੀ' ਦੇ ਨਾਮ ਨਾਲ ਬੜੇ ਹੀ ਸਤਿਕਾਰ ਨਾਲ ਜਾਣੇ ਜਾਂਦੇ ਹਨ। 

ਗੁਰਨਾਮ ਸਿੰਘ ਦਾ ਜਨਮ 15 ਅਪ੍ਰੈਲ, 1945 ਨੂੰ ਮਾਤਾ ਪੰਜਾਬ ਕੌਰ ਦੀ ਕੁੱਖੋਂ ਪਿਤਾ ਬੁੱਧ ਸਿੰਘ ਦੇ ਘਰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਹਨਾਂ ਆਪਣੀ ਮੁੱਢਲੀ ਵਿਦਿਆ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ। ਉੱਚ ਵਿੱਦਿਆ ਹਾਸਲ ਕਰਨ ਉਪਰੰਤ ਉਹਨਾਂ ਨੇ ਸਿੱਖਿਆ ਖੇਤਰ ਵਿਚ ਸੇਵਾਵਾਂ ਦੇਣ ਦਾ ਮਨ ਬਣਾਇਆ। ਉਹਨਾਂ ਨੇ 1965 ਵਿੱਚ ਅਣਵੰਡੇ ਪੰਜਾਬ ਦੇ ਨਿਰਵਾਣਾ ਸਕੂਲ (ਹੁਣ ਹਰਿਆਣਾ ਵਿੱਚ) ਤੋਂ ਆਪਣੇ ਅਧਿਆਪਕ ਜੀਵਨ ਦੀ ਸ਼ੁਰੂਆਤ ਕੀਤੀ। ਉਸਤੋਂ ਬਾਅਦ ਉਹਨਾਂ ਨੇ ਗੰਢਾ ਸਿੰਘ ਵਾਲਾ, ਮਨਾਲ, ਮਾਮਦਪੁਰ, ਚਨੇਰ, ਮਹੋਲੀ, ਮਹੇਰਨਾ ਅਤੇ ਰਹੀੜਾ ਦੇ ਸਕੂਲਾਂ ਵਿੱਚ ਪੜਾਇਆ। ਉਹ ਰਹੀੜਾ ਸਕੂਲ ਤੋਂ ਬਤੌਰ ਸੈਂਟਰ ਹੈੱਡ ਟੀਚਰ ਸੇਵਾ ਮੁਕਤ ਹੋਏ। ਉਹਨਾਂ ਦੇ ਪੜ੍ਹਾਏ ਹੋਏ ਬਹੁਤ ਸਾਰੇ ਬੱਚੇ ਅੱਜ ਵੱਖ ਵੱਖ ਉੱਚੇ ਮੁਕਾਮਾਂ ਉੱਤੇ ਸੇਵਾਵਾਂ ਦੇ ਰਹੇ ਹਨ। 

ਜਿਵੇਂ ਕਿ ਗੁਰਬਾਣੀ ਵਿੱਚ ਦਰਜ ਹੈ ਕਿ ਜੋ ਵੀ ਇਨਸਾਨ ਇਸ ਜਹਾਨ ਉੱਤੇ ਆਉਂਦਾ ਹੈ, ਉਸਨੇ ਪਰਮਾਤਮਾ ਦੇ ਹੁਕਮ ਅਨੁਸਾਰ ਜਾਣਾ ਵੀ ਹੈ। ਉਹ ਸੰਖੇਪ ਬਿਮਾਰੀ ਉਪਰੰਤ 29 ਜਨਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਪਤਨੀ ਗਿਆਨ ਕੌਰ, ਦੋ ਪੁੱਤਰ ਸਤਵੰਤ ਸਿੰਘ ਅਤੇ ਧਰਮਜੀਤ ਸਿੰਘ ਅਤੇ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਉਹਨਾਂ ਦੇ ਦੋਵੇਂ ਪੁੱਤਰ ਅੱਜ ਆਸਟ੍ਰੇਲੀਆ ਵਿੱਚ ਬਹੁਤ ਸੋਹਣਾ ਜੀਵਨ ਬਸਰ ਕਰ ਰਹੇ ਹਨ। 

ਉਹਨਾਂ ਨਮਿੱਤ ਰਖਾਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 7 ਫਰਵਰੀ, 2024 ਦਿਨ ਬੁੱਧਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਨਾਰੰਗਵਾਲ ਵਿਖੇ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।