Sunday, November 15, 2026

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਕੇ ਯਾਤਰਾ ਦੀ ਕਰਵਾਈ ਸ਼ੁਰੂਆਤ, ਖੁਦ ਨਿਸ਼ਾਨ ਚੁੱਕ ਕੇ ਰੇਲਵੇ ਰੋਡ ਚੌਕ ਤੱਕ ਕੀਤੀ ਪੈਦਲ ਯਾਤਰਾ*










ਖੰਨਾ, 15 ਨਵੰਬਰ : 

ਖਾਟੂ ਧਾਮ ਵੈਲਫੇਅਰ ਸੋਸਾਇਟੀ ਖੰਨਾ ਵੱਲੋਂ ਸ਼ਿਆਮ ਬਾਬਾ ਦੇ ਪਾਵਨ ਜਨਮ ਉਤਸਵ ਦੇ ਸਬੰਧ ਵਿੱਚ ਅੱਜ ਸ਼ਹਿਰ ਵਿੱਚ ਵਿਸ਼ਾਲ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ। ਸ੍ਰੀ ਵਿਸ਼ਵਨਾਥ ਮੰਦਰ, ਨਵੀਂ ਆਬਾਦੀ ਤੋਂ ਸਵੇਰੇ 9 ਵਜੇ ਸ਼ੁਰੂ ਹੋਈ ਇਸ ਨਿਸ਼ਾਨ ਯਾਤਰਾ ਵਿੱਚ ਸ਼ਿਆਮ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਪੂਰਾ ਸ਼ਹਿਰ ਸ਼ਿਆਮ ਬਾਬਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸ੍ਰੀ ਵਿਸ਼ਵਨਾਥ ਮੰਦਰ ਵਿਖੇ ਪਹੁੰਚ ਕੇ ਪਵਿੱਤਰ ਨਿਸ਼ਾਨਾਂ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਅਤੇ ਨਿਸ਼ਾਨ ਯਾਤਰਾ ਨੂੰ ਰਵਾਨਾ ਕੀਤਾ। ਇਸ ਦੌਰਾਨ ਮੰਤਰੀ ਸੌਂਦ ਨੇ ਖੁਦ ਵੀ ਸ਼ਰਧਾ ਭਾਵਨਾ ਨਾਲ ਨਿਸ਼ਾਨ ਚੁੱਕਿਆ ਅਤੇ ਸ੍ਰੀ ਵਿਸ਼ਵਨਾਥ ਮੰਦਰ ਤੋਂ ਰੇਲਵੇ ਰੋਡ ਚੌਕ ਤੱਕ ਪੈਦਲ ਯਾਤਰਾ ਵਿੱਚ ਸ਼ਮੂਲੀਅਤ ਕਰਕੇ ਆਪਣੀ ਆਸਥਾ ਪ੍ਰਗਟਾਈ। ਨਿਸ਼ਾਨ ਯਾਤਰਾ ਨਵੀਂ ਆਬਾਦੀ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਲਲਹੇੜੀ ਰੋਡ ਚੌਕ,i ਸਮਰਾਲਾ ਰੋਡ ਸਥਿਤ ਖਾਟੂ ਧਾਮ ਚੌਕ ਤੋਂ ਹੁੰਦੀ ਹੋਈ ਖਾਟੂ ਧਾਮ ਵਿਖੇ ਪਹੁੰਚੀ। ਰਸਤੇ ਭਰ ਸ਼ਰਧਾਲੂਆਂ ਵੱਲੋਂ ਸ਼ਿਆਮ ਬਾਬਾ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾਈ ਰੱਖਿਆ ਗਿਆ।ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਟੂ ਧਾਮ ਵੈਲਫੇਅਰ ਸੋਸਾਇਟੀ ਦੇ ਸਮੂਹ ਪਤਵੰਤੇ ਮੈਂਬਰ ਮੌਜੂਦ ਰਹੇ। ਸ਼ਿਆਮ ਬਾਬਾ ਦੇ ਇਸ ਪਾਵਨ ਜਨਮ ਉਤਸਵ ਮੌਕੇ ਵੱਡੀ ਗਿਣਤੀ ਵਿੱਚ ਸ਼ਿਆਮ ਪ੍ਰੇਮੀਆਂ ਨੇ ਆਪਣੇ ਪਰਿਵਾਰਾਂ ਸਮੇਤ ਨਿਸ਼ਾਨ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਅਤੇ ਬਾਬਾ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਸੁੱਖ-ਸਮ੍ਰਿੱਧੀ ਅਤੇ ਪਰਿਵਾਰ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਸ਼ਰਧਾਲੂਆਂ ਦੀ ਭਾਰੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਸ਼ਾਨਦਾਰ ਅਤੇ ਯਾਦਗਾਰ ਬਣਾ ਦਿੱਤਾ। ਧਾਰਮਿਕ ਆਸਥਾ, ਭਗਤੀ ਅਤੇ ਉਤਸ਼ਾਹ ਨਾਲ ਭਰਪੂਰ ਇਸ ਨਿਸ਼ਾਨ ਯਾਤਰਾ ਨੇ ਖੰਨਾ ਸ਼ਹਿਰ ਵਿੱਚ ਸ਼ਿਆਮ ਭਗਤੀ ਦੀ ਅਨੋਖੀ ਛਟਾ ਬਿਖੇਰ ਦਿੱਤੀ।