Wednesday, March 31, 2021

ਉਦਾਸ ਕਰ ਗਿਆ ਚੌਮੁਖੀਆ ਚਿਰਾਗ ਪ੍ਰਿੰਸੀਪਲ ਤਰਸੇਮ ਬਾਹੀਆ ਦਾ ਚਲਾਣਾ--ਗੁਰਭਜਨ ਗਿੱਲ

 

ਉਦਾਸ ਕਰ ਗਿਆ ਚੌਮੁਖੀਆ ਚਿਰਾਗ ਪ੍ਰਿੰਸੀਪਲ ਤਰਸੇਮ ਬਾਹੀਆ ਦਾ ਚਲਾਣਾਜਲੰਧਰੋਂ ਡਾ: ਜਸਪਾਲ ਸਿੰਘ ਨਕੋਦਰ ਦਾ ਫੋਨ ਆਇਆ ਤਾਂ ਮੱਥਾ ਠਣਕਿਆ

ਸੁਣਿਐ ਵੀਰ ਤੁਸੀਂ

ਡਾ: ਕੁਲਦੀਪ ਸਿੰਘ ਨੇ ਫੇਸ ਬੁੱਕ ਤੇ ਪਾਇਆ ਅਖੇ ਕਾਲਿਜ ਅਧਿਆਪਕਾਂ ਦੀ ਜਥੇਬੰਦੀ ਦਾ ਲੰਮਾ ਸਮਾਂ ਪ੍ਰਧਾਨ ਤੇ ਏ ਐੱਸ ਕਾਲਿਜ ਖੰਨਾ ਦਾ ਪ੍ਰਿੰਸੀਪਲ  ਤਰਸੇਮ ਬਾਹੀਆ ਸਾਨੂੰ ਅੱਜ ਦਯਾਨੰਦ ਹਸਪਤਾਲ ਲੁਧਿਆਣਾ ਚ ਵਿਛੋੜਾ ਦੇ ਗਏ ਹਨ। 

ਮੈਂ ਖੰਨੇ ਡਾ: ਹਰਜਿੰਦਰ ਸਿੰਘ ਲਾਲ ਤੋਂ ਦਰਿਆਫਤ ਕੀਤੀ ਤਾਂ ਉਨ੍ਹਾਂ ਕਿਹਾ ਮੰਦੀ ਖ਼ਬਰ ਘੱਟ ਹੀ ਝੂਠੀ ਹੁੰਦੀ ਹੈ। 

ਡਾ: ਕੁਲਦੀਪ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਦਯਾਨੰਦ ਹਸਪਤਾਲੋਂ ਹੀ ਬੋਲਦਾਂ। 

ਉਹ ਚਲੇ ਗਏ ਨੇ ਸਾਨੂੰ ਛੱਡ ਕੇ। 


ਪ੍ਰਿੰ: ਤਰਸੇਮ ਬਾਹੀਆ ਸਾਹਿੱਤ ਸਿਖਿਆ,ਸਭਿਆਚਾਰ ਤੇ ਸੰਘਰਸ਼ ਦਾ ਚੌਮੁਖੀਆ ਚਿਰਾਗ ਸਨ। 

ਲੁਧਿਆਣਾ ਦੀ ਕਾਲਿਜ ਅਧਿਆਪਕ ਲਹਿਰ ਦੇ ਥੰਮ ਡਾ: ਹਰਭਜਨ ਸਿੰਘ ਦਿਉਲ, ਪ੍ਰਿੰਸੀਪਲ ਜਗਮੋਹਨ ਸਿੰਘ ਸਮਰਾਲਾ ਤੇ ਪ੍ਰੋ: ਗੁਣਵੰਤ ਸਿੰਘ ਦੂਆ ਤੋਂ ਬਾਦ ਇਸ ਵੱਡੇ ਵੀਰ ਦਾ ਵਿਛੋੜਾ ਝੱਲਣਾ ਮੁਹਾਲ ਹੈ। 

ਉਹ ਸਿੱਖਿਆ ਤੰਤਰ ਦੇ ਧੁਰ ਅੰਦਰੋ ਂ ਜਾਣਕਾਰ ਸਨ। ਉਨ੍ਹਾਂ ਨੇ ਜੀਵਨ ਸੰਘਰਸ਼ ਨੂੰ ਆਪਣੀ ਜੀਵਨੀ ਚ ਪਰੋਇਆ ਸੀ। ਖੰਨਾ ਵਿੱਚ ਪਿਛਲੇ ਪੰਜਾਹ ਸਾਲਾਂ ਚ ਉਨ੍ਹਾਂ ਪ੍ਰਗਤੀਸ਼ੀਲ ਸੋਚ ਧਾਰਾ ਦੇ ਸੈਂਕੜੇ ਮੱਥੇ ਤਿਆਰ ਕੀਤੇ। 

ਪ੍ਰਿੰਸੀਪਲਜ਼ ਫੈਡਰੇਸ਼ਨ ਦੇ ਵੀ ਉਹ ਪ੍ਰਧਾਨ ਬਣੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਉਹ ਜੀਵਨ ਮੈਂਬਰ ਸਨ। ਉਨ੍ਹਾਂ ਦੀ ਸ੍ਵੈਜੀਵਨੀ ਸੀਨੇ ਖਿੱਚ ਜਿੰਨ੍ਹਾਂ ਨੇ ਖਾਧੀ ਤਿੰਨ ਕੁ ਸਾਲ ਪਹਿਲਾਂ ਚੇਤਨਾ ਪ੍ਰਕਾਸ਼ਨ ਵੱਲੋਂ ਛਪੀ ਸੀ। ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਵੀ ਉਹ ਲੰਮਾ ਸਮਾਂ ਮੈਂਬਰ ਰਹੇ। 

1976 ਚ ਅਸੀਂ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਚ ਉਨ੍ਹਾਂ ਤੇ ਪ੍ਰਿੰਸੀਪਲ ਜਗਮੋਹਨ ਸਿੰਘ ਜੀ ਸਮਰਾਲਾ ਦੀ ਪ੍ਰੇਰਨਾ ਨਾਲ ਅਸੀਂ ਪੀ ਸੀ ਸੀ ਟੀ ਯੂ ਦੀ ਇਕਾਈ ਬਣਾਈ। 

ਉਹ ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੇ ਯੂਨੀਅਨ ਚ ਸੰਗੀ ਸਾਥੀ ਤੇ ਮਿੱਤਰ ਸਨ। ਉਨ੍ਹਾਂ ਸਾਕੋਂ ਮੈਨੂੰ ਹਰ ਸਮੇਂ ਸਨੇਹ ਦੇਣ ਦੇ ਨਾਲ ਨਾਲ ਅਗਵਾਈ ਵੀ ਦਿੰਦੇ ਸਨ। ਮੇਰੀ ਹਰ ਲਿਖਤ ਦੇ ਪਾਠਕ ਸਨ। 

ਸੱਚ ਜਾਣਿਉ!

ਹੁਣ ਤਾਂ ਰੋਜ਼ ਦਿਹਾੜੀ ਮੌਤ ਦੀਆਂ ਖ਼ਬਰਾਂ ਸੁਣ ਪੜ੍ਹ ਕੇ ਡਰ ਆਉਣ ਲੱਗ ਪਿਆ ਹੈ। 

ਕੱਲ੍ਹ ਪ੍ਰਿੰਸੀਪਲ ਇੰਦਰਜੀਤ ਸਿੰਘ ਤੇ ਅੱਜ ਤਰਸੇਮ ਬਾਹੀਆ ਜੀ। 

ਡਾ. ਜਗਤਾਰ ਨੇ ਲਿਖਿਆ ਸੀ ਕਦੇ


ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ

ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ। 

ਅਲਵਿਦਾ ! 

ਵੱਡੇ ਵੀਰ ਬਾਹੀਆ ਜੀ

ਗੁਰਭਜਨ ਗਿੱਲ

31.3.2021