Friday, July 8, 2022

ਜੀਬੀ ਸਪੋਰਟਸ ਕਲੱਬ ਰਸੂਲੜਾ ਨੇ ਲੋੜਵੰਦ ਵਿਦਿਆਰਥਣ ਦੀ ਆਰਥਿਕ ਮਦਦ ਕੀਤੀ




ਗਾਂਧੀ ਬ੍ਰਦਰਜ਼ (ਜੀਬੀ) ਸਪੋਰਟਸ ਕਲੱਬ ਰਸੂਲੜਾ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਸੂਲੜਾ ਵਿਖੇ 12ਵੀਂ ਜਮਾਤ ਚ ਟਾਪ ਕਰਨ ਵਾਲੀ ਵਿਦਿਆਰਥਣ ਸਨੇਹਾ ਨੂੰ ਪੰਜ ਹਜ਼ਾਰ ਰੁਪਏ ਇਨਾਮ ਵਜੋਂ ਦੇ ਕੇ ਉਸਦੀ ਆਰਥਿਕ ਮਦਦ ਕੀਤੀ ਗਈ। ਐਨਆਰਆਈ ਜਗਮੀਤ ਸਿੰਘ ਰਾਜੂ ਢਿੱਲੋਂ, ਐਨਆਰਆਈ ਜੱਸਾ ਔਜਲਾ ਤੇ ਗੁਰਪ੍ਰੀਤ ਸਿੰਘ ਔਜਲਾ ਵੱਲੋਂ ਭੇਜੀ ਗਈ ਇਹ ਮਦਦ ਦੀ ਰਾਸ਼ੀ ਸਮਾਜ ਸੇਵੀ ਅਵਤਾਰ ਸਿੰਘ ਔਜਲਾ ਵੱਲੋਂ ਉਕਤ ਵਿਦਿਆਰਥਣ ਨੂੰ ਸੌਂਪੀ ਗਈ। ਸਨੇਹਾ ਜੋਕਿ ਇੱਕ ਗਰੀਬ ਪਰਿਵਾਰ ਦੀ ਲੜਕੀ ਹੈ। ਉਸਦੇ ਪਿਤਾ ਬੀਮਾਰ ਰਹਿੰਦੇ ਹਨ। ਮਾਤਾ ਕੰਮਕਾਰ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ। ਪਰਿਵਾਰ ਦੀ ਮਦਦ ਲਈ ਸਨੇਹਾ ਸਲਾਨਾ ਪ੍ਰੀਖਿਆ ਤੋਂ ਦੋ  ਮਹੀਨੇ ਪਹਿਲਾਂ ਕਰਿਆਨਾ ਦੀ ਦੁਕਾਨ ਉਪਰ ਕੰਮ ਕਰਨ ਲੱਗ ਗਈ ਸੀ। ਇਸਦੇ ਬਾਵਜੂਦ ਇਸ ਲੜਕੀ ਨੇ ਰਾਤ ਨੂੰ ਪੜ੍ਹਾਈ ਕਰਕੇ ਸਕੂਲ ਚੋਂ ਟਾਪ ਕੀਤਾ। ਹੁਣ ਸਨੇਹਾ ਜੋਕਿ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰ ਰਹੀ ਹੈ ਅਤੇ ਉਸਦਾ ਸੁਪਨਾ ਵਿਦੇਸ਼ ਜਾਣਾ ਹੈ। ਇਸਨੂੰ ਪੂਰਾ ਕਰਨ ਲਈ ਜੀਬੀ ਸਪੋਰਟਸ ਕਲੱਬ ਨੇ ਆਰਥਿਕ ਮਦਦ ਕੀਤੀ ਅਤੇ ਭਵਿੱਖ ਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਰਸੂਲੜਾ ਅਤੇ ਸਕੂਲ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ  ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਔਜਲਾ, ਪੰਚ ਜਸਵੀਰ ਸਿੰਘ ਘੋਲਾ, ਪੰਚ ਸੁਖਵਿੰਦਰ ਕੌਰ, ਪੰਚ ਪਾਲ ਸਿੰਘ, ਪੰਚ ਜਸਵੰਤ ਸਿੰਘ, ਪੰਜਾਬੀ ਲੈਕਚਰਾਰ ਮਨਜੀਤ ਕੌਰ ਆਦਿ ਹਾਜ਼ਰ ਸਨ।